ਦਸਤਾਰਾਂ ਦੀ ਬੇਅਦਬੀ ਲਈ ਕਾਂਗਰਸ ਸਰਕਾਰ ਪਸ਼ਚਾਤਾਪ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

image ਅੰਮ੍ਰਿਤਸਰ, 23 ਜੂਨ (ਕੁਲਦੀਪ ਧਰਦਿਓ)-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕਲ ਜਿਵੇਂ ਲੋਕਤੰਤਰੀ ਕਦਰਾਂ ਕੀਮਤਾਂ ਦੀਆਂ ਧਜੀਆਂ ਉਡਾਉਂਦਿਆਂ ਵਿਰੋਧੀ ਵਿਧਾਨਕਾਰਾਂ ਦੀਆਂ ਦਸਤਾਰਾਂ ਉਤਾਰਨ ਅਤੇ ਔਰਤਾਂ ਨਾਲ ਕੀਤੇ ਗਏ ਦੁਰਵਿਵਹਾਰ ਵਰਗੇ ਗੁਨਾਹ ਲਈ ਕਾਂਗਰਸ ਪਾਰਟੀ ਨੂੰ ਪਸ਼ਚਾਤਾਪ ਕਰਦਿਆਂ ਅਤੇ ਸਪੀਕਰ ਨੂੰ ਆਪਣੇ ਵਲੋਂ ਕੀਤੀ ਗਈ ਤੌਹੀਨ ਲਈ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸਿਖ ਕੌਮ ਨੇ ਦਸਤਾਰ ਦੀ ਸਲਾਮਤੀ ਲਈ ਵਿਸ਼ਵ ਪਧਰ ‘ਤੇ ਵਡਾ ਸੰਘਰਸ਼ ਕੀਤਾ ਜੋ ਅਜ ਵੀ ਵਖ ਵਖ ਦੇਸ਼ਾਂ ਅੰਦਰ ਨਿਰੰਤਰ ਜਾਰੀ ਹੈ। ਪਰ ਪੰਜਾਬ ਵਿਚ ਕਾਂਗਰਸ ਵਲੋਂ ਗੈਰ ਲੋਕਤੰਤਰੀ ਅਤੇ ਤਾਨਾਸ਼ਾਹ ਰਵਈਆ ਅਪਣਾ ਕੇ ਵਿਰੋਧੀ ਵਿਧਾਨਕਾਰਾਂ ਦੇ ਕੇਸਾਂ, ਦਸਤਾਰਾਂ, ਕਕਾਰਾਂ ਦੀ ਬੇਅਦਬੀ ਕਰਦਿਆਂ ਕਲ ਵਿਧਾਨਸਭਾ ਨੂੰ ਜਿਵੇਂ ਕੁਕੜਖੇਹ ਉਡਾਉਣ ਦਾ ਅਖਾੜਾ ਬਣਾਦਿਤਾ ਗਿਆ, ਉਹ ਦੁਖਦਾਇਕ ਅਤੇ ਸਖ਼ਤ ਨਿਖੇਧੀ ਯੋਗ ਹਨ। ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਹੀ ਸਿਖ ਧਾਰਮਿਕ ਚਿੰਨ੍ਹਾਂ ਦੀ ਹੋਈ ਬੇਹੁਰਮਤੀ ਨਾਲ ਸਿਖਾਂ ਦੇ ਅਕਸ ‘ਤੇ ਮਾੜਾ ਅਸਰ ਪਿਆ ਅਤੇ ਵਿਸ਼ਵ ‘ਚ ਗਲਤ ਪ੍ਰਭਾਵ ਵੀ ਗਿਆ ਹੈ। ਇਸ ਲਈ ਕਲ ਦਾ ਦਿਨ ਲੋਕਤੰਤਰ ਦੇ ਇਤਿਹਾਸ ਵਿਚ ਕਾਲੇ ਅਖਰਾਂ ਨਾਲ ਲਿਖਿਆ ਅਤੇ ਯਾਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਵਲੋਂ ਪੰਜਾਬੀਆਂ ਅਤੇ ਸਿਖਾਂ ਦੀ ਤੌਹੀਨ ਕਰਨ ਪ੍ਰਤੀ ਸ਼ਰਮਨਾਕ ਕੋਸ਼ਿਸ਼ ਨੂੰ ਜਿਵੇਂ ਅੰਜਾਮ ਦਿਤਾ ਗਿਆ, ਉਸ ਨੇ ਸਮੁਚੇ ਸਿਖ ਭਾਈਚਾਰੇ ਦੇ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਪੰਜਾਬ ਦੇ ਭਵਿਖ ਅਤੇ ਲੋਕਾਂ ਦੇ ਭਲੇ ਲਈ ਠੋਸ ਫੈਸਲੇ ਲੈਂਦਿਆਂ ਨੀਤੀਆਂ ਅਤੇ ਕਾਨੂੰਨ ਦੀ ਸਿਰਜਣਾ ਕਰਨ ਦਾ ਅਹਿਮ ਸੰਸਥਾ  ਹੈ।ਉਹਨਾਂ ਵਿਰੋਧੀ ਧਿਰਾਂ ਨੂੰ ਵੀ ਸੰਜਮ ਤੇ ਸਿਆਣਪ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿਤੀ ਤੇ ਕਿਹਾ ਕਿ ਉਹ ਰਾਜ ਅਤੇ ਆਪਣੇ ਖੇਤਰ ਦੇ ਭਵਿਖ ਲਈ ਆਪਣਾ ਪਖ ਰਖਦਿਆਂ ਉਸਾਰੂ ਭੂਮਿਕਾ ਅਦਾ ਕਰਨ ਵਲ ਧਿਆਨ ਦੇਣ । ਉਹਨਾਂ ਕਿਹਾ ਕਿ ਸਪੀਕਰ ਦੀ ਵਿਧਾਨਸਭਾ ਨੂੰ ਚਲਾਉਣ ਪ੍ਰਤੀ ਵਡੀ ਜ਼ਿੰਮੇਵਾਰੀ ਹੁੰਦੀ ਹੈ, ਜੇ ਸਪੀਕਰ ਦਾ ਹੀ ਵਤੀਰਾ ਪਖਪਾਤੀ ਹੋ ਜਾਵੇ ਤਾਂ ਵਿਰੋਧੀ ਧਿਰਾਂ ਪ੍ਰਤੀ ਸਹੀ ਭੂਮਿਕਾ ਦੀ ਉਸ ਤੋਂ ਆਸ ਨਹੀਂ ਕੀਤੀ ਜਾ ਸਕਦੀ।

Send this to a friend