ਮਹਿਲ ਕਲਾਂ, 22 ਜੂਨ (ਨਿਰਮਲ ਸਿੰਘ ਪੰਡੋਰੀ)-ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਮੇਟੀ ਦੇ ਸੱਦੇ ਉਪਰ ਸਬ ਤਹਿਸੀਲ ਮਹਿਲ ਕਲਾਂ ਦਫ਼ਤਰ ਅੱਗੇ ਕਿਸਾਨਾਂ ਅਤੇ ਮਜ਼ਦੂਰਾਂ ਦੀਆ ਭਖਦੀਆਂ ਮੰਗਾ ਦੀ ਪ੍ਰਾਪਤੀ ਨੂੰ ਲੈਕੇ ਦਿੱਤੇ ਧਰਨੇ ਸਮੇਂ ਸਥਿਤੀ ਉਸ ਸਮੇਂ ਨਾਜ਼ੁਕ ਬਣ ਗਈ ਜਦੋਂ ਮਜ਼ਦੂਰ ਆਗੂਆਂ ਨੇ ਸਬ ਤਹਿਸੀਲ ਦਫ਼ਤਰ ਤੋ ਰੋਸ ਮਾਰਚ ਕਰਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਟਰੈਫ਼ਿਕ ਜਾਮ ਕਰਕੇ ਧਰਨਾ ਲਗਾ ਦਿੱਤਾ। ਵਰਨਣਯੋਗ ਹੈ ਕਿ ਸਬ ਤਹਿਸੀਲ ਦਫ਼ਤਰ ਅੱਗੇ ਕਾਫ਼ੀ ਲੰਮਾ ਸਮਾਂ ਧਰਨਾ ਲਗਾ ਕੇ ਮਜ਼ਦੂਰ ਆਗੂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇਣ ਲਈ ਉਡੀਕਦੇ ਰਹੇ ਪ੍ਰੰਤੂ ਜਦ ਨਾਇਬ ਤਹਿਸੀਲਦਾਰ ਮੰਗ ਪੱਤਰ ਲੈਣ ਨਾ ਆਇਆ ਤਾਂ ਧਰਨਾਕਾਰੀਆਂ ਨੇ ਬਰਨਾਲਾ-ਲੁਧਿਆਣਾ ਰੋਡ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਸਰਕਾਰੀ ਏ.ਸੀ. ਦੀ ਠੰਢਕ ਦਾ ਆਨੰਦ ਮਾਣ ਰਹੇ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਨੇ ਖੁਦ ਧਰਨੇ ’ਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ ਉਪਰ ਹੋ ਰਹੇ ਅੱਤਿਆਚਾਰ ਦੀਆ ਘਟਨਾਵਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਪਰ ਮੋਦੀ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਫਰੰਟ ਤੇ ਫੇਲ ਹੋਈ ਹੈ ਸਗੋਂ ਦਲਿਤਾਂ, ਘੱਟ ਗਿਣਤੀ ਲੋਕਾਂ ਨੂੰ ਖਤਮ ਕਰਨ ਦੀਆ ਕੋਝੀਆਂ ਚਾਲਾਂ ਘੜੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਦੌਰਾਨ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋ ਭੱਜ ਰਹੀਆਂ ਹਨ ਸਗੋਂ ਸਰਮਾਏਦਾਰ ਨੀਤੀਆਂ ਲਾਗੂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੁਦਕਸ਼ੀਆ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਸਰਕਾਰ ਬਣਨ ਤੋ ਬਾਅਦ ਆਪਣੇ ਕੀਤੇ ਵਾਅਦੇ ਤੋ ਭੱਜ ਰਿਹਾ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮਾਸਟਰ ਮਲਕੀਤ ਸਿੰਘ ਵਜੀਦਕੇ, ਜਿਲ੍ਹਾ ਪ੍ਰਧਾਨ ਨਿਹਾਲ ਸਿੰਘ, ਅਮਰਜੀਤ ਸਿੰਘ ਕੁੱਕੂ ਮਜ਼ਦੂਰ ਆਗੂ ਭੋਲਾ ਸਿੰਘ ਕਲਾਲਮਾਜਰਾ , ਮਾਸਟਰ ਗੁਰਦੇਵ ਸਿੰਘ ਸਹਿਜੜਾ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਬੀਤ ਜਾਣ ਤੇ ਵੀ ਕੇਂਦਰ ਤੇ ਰਾਜ ਸਰਕਾਰਾਂ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਅਤੇ ਮਜ਼ਦੂਰਾਂ ਦੀ ਆਰਥਿਕ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ । ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਭਾਨ ਸਿੰਘ , ਕਾਮਰੇਡ ਸੁਰਜੀਤ ਸਿੰਘ ਦੇਹੜ , ਮਾਸਟਰ ਸਾਧਾ ਸਿੰਘ ਵਿਰਕ ,ਸੰਤੋਖ ਸਿੰਘ ਮਹਿਲ ਖੁਰਦ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ।