ਬਾਬਾ ਨਾਮਦੇਵ ਸਿੰਘ ਸਭਾ ਵੱਲੋਂ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਸਨਮਾਨਿਤ

ਕੋਟਕਪੂਰਾ, 22 ਜੂਨ- (ਚਰਨਦਾਸ ਗਰਗ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਭਾ ਕੋਟਕਪੂਰਾ ਦੀ ਵਿਸ਼ੇਸ਼ ਮੀਟਿੰਗ ਸਭਾ ਦੇ ਸਰਪ੍ਰਸਤ ਮਲਕੀਤ ਸਿੰਘ ਜੱਸਲ ਦੀ ਅਗਵਾਈ ਹੇਠ ਸਥਾਨਕ ਮੋਗਾ ਸੜਕ ’ਤੇ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਹੋਈ। ਉਕਤ ਮੀਟਿੰਗ ’ਚ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧ ਸਭਾ ਦੇ ਕੌਮੀ ਪ੍ਰਧਾਨ ਨਿਰੰਜਣ ਸਿੰਘ ਰੱਖੜਾ ਅਤੇ ਜਨਰਲ ਸਕੱਤਰ ਸੁਖਮੰਦਰ ਸਿੰਘ ਬੇਦੀ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਦੌਰਾਨ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਨਿਰੰਜਣ ਸਿੰਘ ਰੱਖੜਾ ਤੇ ਸੁਖਮੰਦਰ ਸਿੰਘ ਬੇਦੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਜੀ ਆਇਆਂ ਆਖ਼ਿਆ। ਉਪਰੰਤ ਕੌਮੀ ਪ੍ਰਧਾਨ ਸ੍ਰ.ਰੱਖੜਾ ਨੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕਰਦਿਆਂ ਆਖ਼ਿਆ ਕਿ ਭਾਈਚਾਰੇ ਵੱਲੋਂ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸਨੂੰ ਤਨਦੇਹੀ ਨਾਲ ਨਿਭਾਉਣ ਲਈ ਉਹ ਹਮੇਸ਼ਾ ਤੱਤਪਰ ਰਹਿਣਗੇ ਅਤੇ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ/ਸਮੱਸਿਆਵਾਂ ਦੇ ਹੱਲ ਲਈ ਉਹ ਨਿਰੰਤਰ ਮੀਟਿੰਗਾਂ ਦਾ ਦੌਰ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਕੋਟਕਪੂਰਾ ਤੋਂ ਗੁਰਦਰਸ਼ਨ ਸਿੰਘ ਕਾਲਜੀਏਟ ਅਤੇ ਹਰਦੇਵ ਸਿੰਘ ਸਿੱਧੂ ਨੂੰ ਵੀ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧ ਸਭਾ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਉਪਰੰਤ ਬਾਬਾ ਨਾਮਦੇਵ ਸਭਾ ਕੋਟਕਪੂਰਾ ਵੱਲੋਂ ਨਿਰੰਜਣ ਸਿੰਘ ਰੱਖੜਾ ਤੇ ਸੁਖਮੰਦਰ ਸਿੰਘ ਬੇਦੀ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਸਭਾ ਦੇ ਪ੍ਰੈਸ ਸਕੱਤਰ ਮਨਦੀਪ ਸਿੰਘ ਪੁਰਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦੌਰਾਨ ਸ਼ਰਨਜੀਤ ਸਿੰਘ ਮੂਕਰ ਨੂੰ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧ ਸਭਾ ਦੇ ਵਿੱਤ ਸਕੱਤਰ ਬਣਾਏ ਜਾਣ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Send this to a friend