ਰਾਮਾਂ ਮੰਡੀ, 22 ਜੂਨ (ਰਜਿੰਦਰ ਕਾਂਸਲ)-ਕੇਂਦਰ ਸਰਕਾਰ ਨੇ ਝੋਨੇ ਦੇ ਭਾਅ ‘ਚ 80 ਰੁਪਏ,ਨਰਮੇ ਦਾ 160 ਰੁਪਏ,ਦਾਲਾਂ ਦਾ 400 ਰੁਪਏ ਤੇ ਹੋਰ 11 ਫਸਲਾਂ ਦੇ ਭਾਅ ਵਿਚ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ,ਜਿਸਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਰੜੀ ਨਿੰਦਿਆ ਕਰਦਿਆਂ,ਇਸ ਨੂੰ ਮੁੱਢੋਂ ਰੱਦ ਕਰਦੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨੇ ਅੱਜ ਇੱਥੇ ਗੱਲਬਾਤ ਦੌਰਾਨ ਕੀਤਾ।ਰਾਮਕਰਨ ਰਾਮਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਵਾਰ ਫਸਲਾਂ ਦੇ ਨਿਗੂਣੇ ਭਾਅ ਤੈਅ ਕਰਦੀ ਹੈ।ਜਿਸ ਨਾਲ ਕਿਸਾਨਾਂ ਨੂੰ ਫਸਲ ਤੇ ਕੀਤੀ ਲਾਗਤ ਵੀ ਵਾਪਿਸ ਨਹੀ ਮੁੜਦੀ।ਫਸਲ ਦੀ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨ ਨੂੰ ਕਰਜ਼ਾ ਲੈ ਕੇ ਆਪਣਾ ਪਾਲਣ-ਪੋਸ਼ਣ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਖਾਦਾਂ,ਬੀਜ਼ਾਂ,ਮਜ਼ਦੂਰੀ ਕੀਟਨਾਸ਼ਕ ਦਵਾਈਆਂ,ਡੀਜ਼ਲ ਆਦਿ ਦੀਆਂ ਕੀਮਤਾਂ ਆਏ ਦਿਨ ਵਧ ਰਹੀਆਂ ਹਨ,ਜਿਸ ਨਾਲ ਕਿਸਾਨਾਂ ਨੂੰ ਫਸਲਾਂ ‘ਤੇ ਹਰ ਸਾਲ ਜਿਆਦਾ ਪੈਸੇ ਖਰਚਨੇ ਪੈਂਦੇ ਹਨ,ਜਿਸ ਨਾਲ ਕਿਸਾਨਾਂ ਤੇ ਭਾਰੀ ਆਰਥਿਕ ਬੋਝ ਵੱਧ ਰਿਹਾ ਹੈ ਅਤੇ ਕਿਸਾਨ ਦਿਨੋਂ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਹੈ ਤੇ ਖੁਦਕੁਸ਼ੀਆਂ ਕਰ ਰਿਹਾ ਹੈ।ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡਾ. ਰਮੇਸ਼ ਚੰਦ ਦੀ ਅਗਵਾਈ ‘ਚ ਸਮਰਥਨ ਮੁੱਲ ਸੰਬੰਧੀ ਪ੍ਰਣਾਲੀ ਬਾਰੇ ਜਾਂਚ ਕਮੇਟੀ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਦਿੱਤੇ ਜਾਣ ਤਾਂ ਜੋ ਡੁੱਬ ਰਹੀ ਕਿਰਸਾਨੀ ਨੂੰ ਬਚਾਇਆ ਜਾ ਸਕੇ।ਇਸ ਸਮੇਂ ਉਨਾਂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧ,ਮੇਜਰ ਸਿੰਘ ਚੱਕ ਬਖਤੂ, ਗੁਰਮੀਤ ਸਿੰਘ ਗੁਰੂਸਰ, ਮਨਪ੍ਰੀਤ ਸਿੰਘ ਮਹਿਮਾ ਸਰਜਾ, ਬਲਵੀਰ ਸਿੰਘ ਸਰਦਾਰਗੜ੍ਹ, ਸੁਖਪਾਲ ਸਿੰਘ ਜਵੰਧਾ, ਜਗਜੀਤ ਸਿੰਘ ਸਰਦਾਰਗੜ, ਸੁਖਮੰਦਰ ਸਿੰਘ ਭਾਗੀਬਾਂਦਰ, ਜਰਨੈਲ ਸਿੰਘ ਕੋਠੇ ਨਾਥੀਆਣਾ, ਹਰਗੋਬਿੰਦ ਸਿੰਘ ਮਾਈਸਰਖਾਨਾਂ,ਕਰਮਜੀਤ ਸਿੰਘ ਜੱਜਲ ਆਦਿ ਕਿਸਾਨ ਆਗੂ ਮੌਜੂਦ ਸਨ।