ਸਰਦੂਲਗੜ੍ਹ, 20 ਜੂਨ (ਬਲਜੀਤ ਪਾਲ, ਵਿਪਨ ਗੋਇਲ)-ਚੌਕੀਦਾਰਾਂ ਦੀ ਘਾਟ ਕਾਰਨ ਸੈਂਕੜੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਰਾਖੀ ਰੱਬ ਆਸਰੇ ਹੈ। ਗਰਮ ਰੁੱਤ ਛੁੱਟੀਆਂ ਹੋਣ ਕਾਰਨ ਪਹਿਲੀ ਜੂਨ ਤੋਂ ਬਿਨ੍ਹਾਂ ਕਿਸੇ ਮਾਲਕ ਖੁੱਲ੍ਹੇ ਦਰਵਾਜ਼ਿਆਂ ਵਾਲੇ ਇਨ੍ਹਾਂ ਸਰਕਾਰੀ ਸਕੂਲਾਂ ਦੇ ਫੁੱਲ ਬੂਟੇ ਅਤੇ ਘਾਹ ਦੀਆਂ ਬਗੀਚੀਆਂ ਅਵਾਰਾ ਪਸ਼ੂਆਂ ਨੇ ਚਰ ਲਈਆਂ ਹਨ। ਸਕੂਲ ਖੁੱਲ੍ਹਣ ਸਮੇਂ ਵਿਦਿਆਰਥੀਆਂ ਦੇ ਬੈਠਣ ਵਾਲੇ ਬਰਾਂਡਿਆਂ ਵਿੱਚ ਅਵਾਰਾ ਕੁੱਤੇ ਲਿਟਦੇ ਹਨ ਅਤੇ ਦਰਖਤਾਂ ਹੇਠ ਪਿੰਡਾਂ ਦੇ ਵਿਹਲੜ ਲੋਕਾਂ ਦੀਆਂ ਢਾਣੀਆਂ ਤਾਸ਼ ਕੁੱਟਦੀਆਂ ਹਨ। ਛੁੱਟੀਆਂ ਹੋਣ ਬਾਅਦ ਬਹੁਤੇ ਸਕੂਲਾਂ ਨੂੰ ਅਧਿਆਪਕਾਂ ਨੇ ਤਾਲੇ ਵੀ ਮਾਰੇ ਸਨ ਪਰ ਸ਼ਰਾਰਤੀਆਂ ਨੇ ਬਤੁਹੇ ਤਾਲੇ ਭੰਨ ਦਿੱਤੇ ਹਨ। ਹੁਣ ਵੱਡੀ ਗਿਣਤੀ ਸਕੂਲਾਂ ਦੇ ਮੁੱਖ ਦਰਵਾਜ਼ੇ ਖੁੱਲ੍ਹੇ ਹਨ। ਦੱਸਣਾ ਬਣਦਾ ਹੈ ਕਿ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੇ 278 ਅਤੇ ਸਰਬ ਸਿੱਖਿਆ ਅਭਿਆਨ ਦੇ 19 ਪ੍ਰਾਇਮਰੀ ਸਕੂਲ ਹਨ ।ਗੌਰਮਿੰਟ ਟੀਚਰ ਯੁਨੀਅਨ ਦੇ ਬਲਵਿੰਦਰ ਸਿੰਘ ਉਲਕ ਨੇ ਦਸਿਆ ਕਿਸੇ ਵੀ ਪ੍ਰਾਇਮਰੀ ਸਕੂਲ ਵਿੱਚ ਮਾਲੀ ਜਾਂ ਚੌਂਕੀਦਾਰ ਦੀ ਕੋਈ ਪੱਕੀ ਅਸਾਮੀ ਮਨਜ਼ੂਰ ਨਾ ਹੋਣ ਕਾਰਨ ਹਰ ਵਾਰ ਹੀ ਇਸ ਤਰ੍ਹਾਂ ਹੁੰਦਾ ਹੈ। ਸਕੂਲਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਇੱਲਤੀ ਬੱਚੇ ਤੋੜ ਦਿੰਦੇ ਹਨ, ਨਲਕੇ ਟੂਟੀਆਂ ਚੋਰ ਅਤੇ ਨਸ਼ੇੜੀ ਲੈ ਜਾਂਦੇ ਹਨ ਅਤੇ ਅਧਿਆਪਕਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀਆਂ ਬਗੀਚੀਆਂ ਅਵਾਰਾ ਪਸ਼ੂ ਮੁੱਛ ਦਿੰਦੇ ਹਨ। ਉਨ੍ਹਾਂ ਕਿਹਾ ਹੁਣ ਜਦੋਂ ਵੀ ਪਹਿਲੀ ਜੁਲਾਈ ਨੂੰ ਸਕੂਲ ਖੁੱਲ੍ਹਣਗੇ ਤਾਂ ਸਕੂਲਾਂ ਦੀ ਮੰਦੀ ਹਾਲਤ ਦੇਖ ਕੇ ਸਾਡਾ ਰੋਣ ਨਿਕਲ ਜਾਵੇਗਾ । ਉਨ੍ਹਾਂ ਕਿਹਾ ਅਸੀਂ ਆਪਣੀ ਯੁਨੀਅਨ ਵੱਲੋਂ ਸੈਂਕੜੇ ਵਾਰ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਸਕੂਲਾਂ ਲਈ ਮਾਲੀ , ਚੌਂਕੀਦਾਰ ਅਤੇ ਸੇਵਾਦਾਰ ਮੰਗ ਚੁੱਕੇ ਹਾਂ ਪਰ ਕਿਸੇ ਦੇ ਕੰਨ ’ਤੇ ਕਦੇ ਵੀ ਜੂੰ ਨਹੀਂ ਸਰਕੀ । ਇਸ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜ਼ਿਲ੍ਹੇ ਦੇ ਕੁੱਝ ਕੁ ਸਕੂਲਾਂ ਵਿੱਚ ਹੀ ਕਾਫੀ ਪਹਿਲਾਂ ਭਰਤੀ ਹੋਏ ਸਫਾਈ ਸੇਵਕ ਕਮ ਚੌਂਕੀਦਾਰ ਹਨ ਬਾਕੀਆਂ ’ਚ ਕੋਈ ਅਸਾਮੀ ਹੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਸਕੂਲਾਂ ਦੀ ਰਾਖੀ ਲਈ ਅਧਿਆਪਕ ਇੱਕ ਦੋ ਦਿਨ ਛੱਡ ਕੇ ਚੱਕਰ ਮਾਰਦੇ ਹਨ ਜਾਂ ਫਿਰ ਸਕੂਲ ਮਨੇਜਮੈਂਟ ਕਮੇਟੀਆਂ ਅਤੇ ਗੁਆਂਢੀਆਂ ਨੂੰ ਹੀ ਇਹ ਜਿੰਮੇਵਾਰੀ ਦਿੱਤੀ ਹੋਈ ਹੈ।