ਮੁਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ, ਵਿਧਾਨ ਸਭਾ ਵਿੱਚ ਮਤਾ ਪਾਸ
ਚੰਡੀਗੜ, 15 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬੀ ਦੇ ਉਘੇ ਨਾਟਕਕਾਰ, ਰੰਗਕਰਮੀ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਅਜਮੇਰ ਸਿੰਘ ਔਲਖ ਨਹੀਂ ਰਹੇ। ਲੰਬੀ ਬਿਮਾਰੀ ਤੋਂ ਬਾਅਦ ਅੱਜ ਉਹ ਸਵੇਰੇ 5 ਵਜੇ ਮਾਨਸਾ ਵਿਖੇ ਆਪਣੇ ਘਰ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ 16 ਜੂਨ ਨੂੰ ਮਾਨਸਾ ਵਿਖੇ ਹੀ ਕੀਤਾ ਜਾਵੇਗਾ। ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਦੀ ਮੌਤ ਨਾਲ ਸੋਗ ਦਾ ਮਾਹੌਲ ਹੈ। ਲੁਧਿਆਣਾ ਅਤੇ ਕੁਝ ਹੋਰ ਸ਼ਹਿਰਾਂ ਵਿੱਚ ਉਨ੍ਹਾਂ ਦੀ ਯਾਦ ਵਿੱਚ ਸਭਾਵਾਂ ਕੀਤੀਆਂ ਗਈਆਂ। ਪ੍ਰੋ. ਔਲਖ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਪੜ੍ਹਾਉਂਦੇ ਰਹੇ ਹਨ। ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰੋ. ਔਲਖ ਦੇ ਸਦੀਵੀ ਵਿਛੋੜੇ ‘ਤੇ ਡੂੰਘੇ ਦੁਖ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਨੂੰ ਪੰਜਾਬੀ ਬੋਲੀ, ਸਾਹਿਤ ਖਾਸ ਕਰਕੇ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਵਿਕਾਸ ਵਿਚ ਪਾਏ ਗਏ ਵਿਲਖਣ ਯੋਗਦਾਨ ਬਦਲੇ ਸਦਾ ਲਈ ਯਾਦ ਰਖਿਆ ਜਾਵੇਗਾ। ਅਜ ਵਿਧਾਨ ਸਭਾ ਦੇ ਇਜਲਾਸ ਦੇ ਸ਼ੁਰੂ ਵਿਚ ਸਪੀਕਰ ਨੇ ਪ੍ਰੋ. ਔਲਖ ਲਈ ਸੋਗ ਮਤਾ ਪੜ੍ਹਿਆ ਅਤੇ ਸਦਨ ਨੇ ਵਿਛੜੀ ਰੂਹ ਦੀ ਯਾਦ ਵਿਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਧਾਰਿਆ।ਪ੍ਰੋ. ਔਲਖ ਦੇ ਪੰਜਾਬੀ ਸਾਹਿਤ ਅਤੇ ਰੰਗਮੰਚ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਸਾਹਿਤ ਅਕਾਦਮੀ ਅਤੇ ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਨਾਟਕਕਾਰ ਦੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ।