ਸੰਗਰੂਰ, 15 ਜੂਨ (ਹਰਜੀਤ ਸਿੰਘ ਹਸਨਪੁਰੀ)- ਸੰਗਰੂਰ ਪੁਲੀਸ ਵਲੋਂ ਸ਼ਹਿਰ ਦੇ ਇਕ ਮਕਾਨ ਵਿਚ ਨਸ਼ਿਆਂ ਦੇ ਚਲ ਰਹੇ ਗੈਰਕਾਨੂੰਨੀ ਅਡੇ ਦਾ ਪਰਦਾਫਾਸ਼ ਕਰਦਿਆਂ ਪੌਣੇ ਤਿੰਨ ਕਿਲੋ ਅਫੀਮ, ਦੋ ਪੇਟੀਆਂ ਸ਼ਰਾਬ ਠੇਕਾ ਦੇਸੀ ਚੰਡੀਗੜ੍ਹ, 8 ਕਿਲੋ ਡੋਡੇ ਚੂਰਾ ਪੋਸਤ ਤੇ ਨਸ਼ਾ ਵੇਚ ਕੇ ਇਕਠੀ ਕੀਤੀ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲੀਸ ਵਲੋਂ ਛਾਪੇਮਾਰੀ ਦੌਰਾਨ ਘਰ ਵਿਚੋਂ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲੀਸ ਅਨੁਸਾਰ ਪਤੀ-ਪਤਨੀ ਨੇ ਆਪਣੇ ਬਚਿਆਂ ਨੂੰ ਉਚ ਸਿਖਿਆ ਦਿਵਾਉਣ ਲਈ ਹੀ ਨਸ਼ਿਆਂ ਦਾ ਗੈਰਕਾਨੂੰਨੀ ਕਾਰੋਬਾਰ ਸ਼ੁਰੂ ਕੀਤਾ ਸੀ। ਉਂਝ ਮਕਾਨ ਮਾਲਕ ਸ਼ਹਿਰ ਵਿਚ ਦਹੀਂ ਭਲੇ ਦੀ ਰੇਹੜੀ ਲਗਾਉਂਦਾ ਹੈ। ਇਥੇ ਥਾਣਾ ਸਿਟੀ ਵਿਚ ਡੀਐਸਪੀ ਸੰਦੀਪ ਵਡੇਰਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਸ਼ਹਿਰ ਦੇ ਮੁਹਲਾ ਸੇਖੂਪੁਰਾ ਦੇ ਇਕ ਰਿਹਾਇਸ਼ੀ ਮਕਾਨ ‘ਚ ਨਸ਼ਿਆਂ ਦਾ ਗੈਰਕਾਨੂੰਨੀ ਅਡਾ ਚਲ ਰਿਹਾ ਹੈ ਜਿਥੇ ਅਫੀਮ, ਭੁਕੀ ਚੂਰਾ ਪੋਸਤ, ਸ਼ਰਾਬ ਆਦਿ ਵੇਚ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ। ਸੂਚਨਾ ਮਿਲਦਿਆਂ ਹੀ ਬੀਤੀ ਰਾਤ ਡੀਐਸਪੀ ਸੰਦੀਪ ਵਡੇਰਾ (ਖੁਦ) ਤੇ ਥਾਣਾ ਸਿਟੀ ਇੰਚਾਰਜ ਦੀਪਇੰਦਰਪਾਲ ਸਿੰਘ ਜੇਜੀ ਨੇ ਸਮੇਤ ਪੁਲੀਸ ਪਾਰਟੀ ਦੇ ਰਾਕੇਸ਼ ਕੁਮਾਰ ਉਰਫ ਮਾਸਟਰ ਦੇ ਰਿਹਾਇਸ਼ੀ ਮਕਾਨ ‘ਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਮਕਾਨ ਮਾਲਕ ਰਾਕੇਸ਼ ਕੁਮਾਰ ਉਰਫ਼ ਮਾਸਟਰ ਤੇ ਉਸਦੀ ਪਤਨੀ ਸੋਮਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ ਮਕਾਨ ‘ਚ ਬਣੇ ਕਪ ਬੋਰਡ ਦੇ ਪਿਛਲੇ ਪਾਸੇ ਬਣੇ ਗੁਪਤ ਖਾਨੇ ‘ਚੋਂ ਮੋਮੀ ਕਾਗਜ਼ ਦੇ ਚਿਟੇ ਲਿਫਾਫ਼ੇ ‘ਚ ਲਪੇਟੀ 2 ਕਿਲੋ 720 ਗ੍ਰਾਮ ਅਫ਼ੀਮ ਤੇ ਕਪ ਬੋਰਡ ਦੇ ਹੇਠਲੇ ਖਾਨੇ ‘ਚੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ (ਚੰਡੀਗੜ੍ਹ ਵਾਲੀ), ਡਬਲ ਬੈਡ ਦੇ ਬਕਸੇ ‘ਚੋਂ ਪਲਾਸਟਿਕ ਦੇ ਥੈਲੇ ’ਚੋਂ 8 ਕਿਲੋ ਡੋਡੇ ਚੂਰਾ ਪੋਸਤ ਤੇ ਮਕਾਨ ’ਚੋਂ 30,700 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਅਫੀਮ ਦੀ ਮਾਰਕੀਟ ਕੀਮਤ ਕਰੀਬ ਸਾਢੇ ਤਿੰਨ ਲਖ ਰੁਪਏ ਬਣਦੀ ਹੈ। ਪਤੀ-ਪਤਨੀ ਅਫੀਮ ‘ਚ ਹੋਰ ਕਈ ਪਦਾਰਥ ਮਿਲਾ ਕੇ ਅਫੀਮ ਦੀ ਮਾਤਰਾ ਵਧਾ ਲੈਂਦੇ ਸਨ ਤੇ ਛਾਪੇਮਾਰੀ ਦੌਰਾਨ ਵੀ ਉਹ ਇਸੇ ਕੰਮ ‘ਚ ਲਗੇ ਹੋਏ ਸਨ। ਬਰਾਮਦ ਕੀਤੀ ਸ਼ਰਾਬ ਠੇਕਾ ਦੇਸ਼ੀ ਉਪਰ ਫਾਰ ਸੇਲ ਇਨ ਚੰਡੀਗੜ੍ਹ (ਯੂਟੀ) ਲਿਖਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਪਤੀ-ਪਤਨੀ ਆਪਣੇ ਬਚਿਆਂ ਦੀ ਪੜ੍ਹਾਈ ਦਾ ਖਰਚਾ ਚੁਕਣ ਦੇ ਸਮਰਥ ਨਹੀਂ ਹਨ ਜਿਸ ਕਾਰਨ ਹੀ ਇਨ੍ਹਾਂ ਨੇ ਨਸ਼ਿਆਂ ਦਾ ਗੈਰਕਾਨੂੰਨੀ ਧੰਦਾ ਸ਼ੁਰੂ ਕੀਤਾ। ਮੁਢਲੀ ਪੁਛਗਿਛ ਦੌਰਾਨ ਪਤਾ ਲਗਿਆ ਹੈ ਕਿ ਇਹ ਗੈਰਕਾਨੂੰਨੀ ਨਸ਼ੇ ਇਕ ਵਿਅਕਤੀ ਪਾਸੋਂ ਖਰੀਦ ਕੇ ਲਿਆਉਂਦਾ ਸੀ ਜਿਸ ਬਾਰੇ ਜਲਦ ਹੀ ਖੁਲਾਸਾ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ ਰਾਕੇਸ਼ ਕੁਮਾਰ ਉਰਫ਼ ਮਾਸਟਰ ਤੇ ਉਸਦੀ ਪਤਨੀ ਸੋਮਾ ਰਾਣੀ ਖ਼ਿਲਾਫ਼ ਐਨਡੀਪੀਐਸ ਐਕਟ ਤੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।ਦੋਵਾਂ ਦਾ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਇਸ ਮੌਕੇ ਸਬ ਇੰਸਕੈਟਰ ਹਰਸਿਮਰਪ੍ਰੀਤ ਕੌਰ, ਏਐਸਆਈ ਕਮਲਜੀਤ ਸਿੰਘ ਤੇ ਗੁਰਤੇਜ ਸਿੰਘ ਹਾਜ਼ਰ ਸਨ।