ਕੈਪਟਨ ਵੱਲੋਂ ਸਦਨ ’ਚ ‘ਆਪ’ ਦੀ ਤਿੱਖੀ ਆਲੋਚਨਾ
ਚੰਡੀਗੜ੍ਹ, 15 ਜੂਨ- ਪੰਜਾਬ ਵਿਧਾਨ ਸਭਾ ’ਚ ਬਜਟ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਵੀ ਹੰਗਾਮੇ ਦੀ ਭੇਟ ਚੜ੍ਹ ਗਈ। ਅਕਾਲੀ ਦਲ ਨੇ ਅੱਜ ਦੁਬਾਰਾ ਵਾਕਆਊਟ ਕੀਤਾ, ਜਿਸ ਤੋਂ ਬਾਅਦ ਸਦਨ ਵਿੱਚ ਭਾਰੀ ਹੰਗਾਮਾ ਹੋ ਗਿਆ ਅਤੇ ਇਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ 30 ਮਿੰਟ ਲਈ ਮੁਲਤਵੀ ਕਰ ਦਿੱਤਾ। ਕਾਰਵਾਈ ਦੇ ਦੁਬਾਰਾ ਸ਼ੁਰੂ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਦੁਬਾਰਾ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਆਪਣੀਆਂ ਸੀਟਾਂ ’ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰਨ ਲੱਗੇ। ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਸਦਨ ਵਿੱਚ ਪੂਰੀ ਭੜਾਸ ਕੱਢੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਤਿਖੀ ਆਲੋਚਨਾ ਕਰਦੇ ਹੋਏ ਇਸ ਨੂੰ ਸੰਵਿਧਾਨ ਦੇ ਬੇਅਦਬੀ ਕਰਨ ਵਾਲਾ ਕਾਰਾ ਦਸਿਆ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਤੋਂ ਬਾਹਰ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 50 ਸਾਲ ਦੇ ਸਿਆਸੀ ਜੀਵਨ ਦੌਰਾਨ ਸਪੀਕਰ ਦੀ ਚੇਅਰ ਦਾ ਏਨਾ ਨਿਰਾਦਰ ਕਰਦੇ ਹੋਏ ਕਿਸੇ ਨੂੰ ਨਹੀਂ ਵੇਖਿਆ।ਮੁਖ ਮੰਤਰੀ ਨੇ ਕਿਹਾ ਕਿ ਸਦਨ ਦੀ ਮਰਿਆਦਾ ਦੇ ਨਾਲ ਕਿਸੇ ਵੀ ਹਾਲਤ ਵਿਚ ਸਮਝੌਤਾ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ।ਉਨ੍ਹਾਂ ਕਿਹਾ, ‘‘ਵਿਧਾਨ ਸਭਾ ਆਮ ਲੋਕਾਂ ਦੀ ਭਲਾਈ ਨਾਲ ਸਬੰਧਤ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਵਾਲੀ ਪਵਿਤਰ ਥਾਂ ਹੈ ਪਰ ਜੇ ਅਸੀਂ ਸਦਨ ਦੇ ਨਿਰਵਿਘਣ ਕੰਮ ਵਿਚ ਅੜਿਕੇ ਪੈਦਾ ਕਰਾਂਗੇ ਤਾਂ ਇਸ ਨਾਲ ਲੋਕਾਂ ਦੀ ਆਵਾਜ਼ ਦਬੀ ਜਾਏਗੀ ਜਿਨ੍ਹਾਂ ਨੇ ਸਾਨੂੰ ਆਪਣੀ ਨੁਮਾਇੰਦਗੀ ਕਰਨ ਲਈ ਸਦਨ ਵਿਚ ਭੇਜਿਆ ਹੈ।‘‘ਮੁਖ ਮੰਤਰੀ ਨੇ ਅਕਾਲੀਆਂ ਦੇ ਵੀ ਭੰਗਪਾਊ ਵਿਵਹਾਰ ਦੀ ਤਿਖੀ ਆਲੋਚਨਾ ਕੀਤੀ ਜਿਨ੍ਹਾਂ ਨੇ ਸਦਨ ਦੇ ਨਿਰਵਿਘਣ ਕੰਮ ‘ਚ ਅੜਿਕਾ ਡਾਹਿਆ।ਆਮ ਆਦਮੀ ਪਾਰਟੀ ਵਲੋਂ ਰੇਤਾ ਦੀਆਂ ਖਡਾਂ ਦੇ ਮਾਮਲੇ ਵਿਚ ਲਾਏ ਗਏ ਦੋਸ਼ਾਂ ਨੂੰ ਰਦ ਕਰਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਇਸ ਤਰਾਂ ਦੇ ਪਾਰਦਰਸ਼ੀ ਤਰੀਕੇ ਨਾਲ ਖਡਾਂ ਦੀ ਈ-ਬੋਲੀ ਕਰਵਾਈ ਗਈ ਹੈ ਜਿਸ ਨਾਲ ਸਰਕਾਰੀ ਮਾਲੀਏ ‘ਚ ਵਡਾ ਵਾਧਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਹਰਪ੍ਰੀਤ ਸਿੰਘ ਕਾਹਲੋਂ ਨਾਲ ਸਬੰਧਤ ਰੂਪਨਗਰ ਜ਼ਿਲੇ ਦੇ ਦੋ ਸਕਰੀਨਿੰਗ ਪਲਾਂਟਾਂ ਵਿਚ ਖਣਨ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਕਿਹਾ ਕਿ ਖਡਾਂ ਦੀ ਬੋਲੀ ਨਾਲ ਸਬੰਧਤ ਸਾਰੇ ਪਖਾਂ ਦੀ ਜਾਂਚ ਜੂਡੀਸ਼ਲ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ।ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਆਪਣੀ ਵਚਨਬਧਤਾ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀ. ਹਕ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁਪ ਵਲੋਂ ਆਪਣੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰੀ ਜ਼ਰੂਰੀ ਕਦਮ ਚੁਕੇਗੀ। ਉਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸਦਨ ਵਿਚ ਅਜ ਦਾ ਰੋਲਾ-ਰਪਾ ਸਿਰਫ ਇਕ ਸਿਆਸੀ ਖੇਡ ਸੀ ਜਿਸ ਦਾ ਉਦੇਸ਼ ਸਸਤੀ ਸ਼ੌਹਰਤ ਪ੍ਰਾਪਤ ਕਰਨਾ ਹੈ। ਮੁੜ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ ਵਿੱਚ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ ਸਦਨ ਨੂੰ ਪੋਸਟ ਮੈਟਰਿਕ ਵਜ਼ੀਫਾ ਸਕੀਮ ਦੇ ਫੰਡ ਤਬਦੀਲ ਹੋਣ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।ਬਜਟ ਇਜਲਾਸ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ‘ਤੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਮੁਖ ਮੰਤਰੀ ਅਤੇ ਸਦਨ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਭਰੋਸਾ ਦਿਤਾ ਕਿ ਜਵਾਬਦੇਹੀ ਤੈਅ ਕਰਨ ਅਤੇ ਕਮੀਆਂ ਦੀ ਸ਼ਨਾਖਤ ਕਰਨ ਲਈ ਸਮੁਚੇ ਮਾਮਲੇ ਦੀ ਵਿਸਥਾਰਤ ਜਾਂਚ ਕਰਵਾਈ ਜਾਵੇਗੀ।ਇਸ ਦੌਰਾਨ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਦਨ ਨੂੰ ਜਾਣਕਾਰੀ ਦਿਤੀ ਕਿ ਮੁਖ ਮੰਤਰੀ ਵਲੋਂ ਬਕਾਇਆ ਫੰਡ ਤੁਰੰਤ ਜਾਰੀ ਕਰਨ ਲਈ ਕੇਂਦਰ ਸਰਕਾਰ ਕੋਲ ਮਾਮਲਾ ਪਹਿਲਾਂ ਹੀ ਉਠਾਇਆ ਜਾ ਚੁਕਾ ਹੈ।