ਪੰਜਾਬ ਸਰਕਾਰ ਵੱਲੋਂ ਉਡਾਣ ਦੇ ਹੇਠ ਭਾਰਤ ਸਰਕਾਰ ਤੇ ਏਅਰਪੋਰਟ ਅਥਾਰਟੀ ਨਾਲ ਸਹਿਮਤੀ ਪੱਤਰ ’ਤੇ ਹਸਤਾਖ਼ਰ
ਚੰਡੀਗੜ੍ਹ, 15 ਜੂਨ- ਸੂਬੇ ਦੇ ਆਮ ਲੋਕਾਂ ਵਾਸਤੇ ਵਾਜਬ ਹਵਾਈ ਸਫਰ ਨੂੰ ਬੜ੍ਹਾਵਾ ਦੇਣ ਵਲ ਮਹਤਵਪੂਰਨ ਕਦਮ ਚੁਕਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਦੇਸ਼ ਦੇ ਮੁਖ ਪ੍ਰੋਗਰਾਮ ਉਡਾਣ (ਉਡੇ ਦੇਸ਼ ਕਾ ਆਮ ਨਾਗਰਿਕ) ਹੇਠ ਭਾਰਤ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਨਾਲ ਇਕ ਸਹਿਮਤੀ ਪੱਤਰ ’ਤੇ ਸਹੀ ਪਾਈ ਹੈ।ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਅਜ ਇਥੇ ਦਸਿਆ ਕਿ ਇਸ ਤਿੰਨ ਧਿਰੀ ਸਮਝੌਤੇ ’ਤੇ ਭਾਰਤ ਸਰਕਾਰ ਦੀ ਤਰਫੋਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੰਯੁਕਤ ਸਕੱਤਰ ਊਸ਼ਾ ਪਾਧੀ, ਪੰਜਾਬ ਸਰਕਾਰ ਦੀ ਤਰਫੋਂ ਸ਼ਹਿਰੀ ਹਵਾਬਾਜ਼ੀ ਸਕਤਰ ਤੇਜਵੀਰ ਸਿੰਘ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੀ ਤਰਫੋਂ ਕਾਰਜਕਾਰੀ ਡਾਇਰੈਕਟਰ ਜੀ.ਕੇ. ਚੌਕਿਆਲ ਨੇ ਹਸਤਾਖਰ ਕੀਤੇ।ਕੈਪਟਨ ਅਮਰਿੰਦਰ ਸਿੰਘ ਨੇ ਇਸ ਪਹਿਲਕਦਮੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਨਾਲ ਸਥਾਨਿਕ ਖਾਸਕਰ ਲੁਧਿਆਣਾ ਦੇ ਵਪਾਰ ਅਤੇ ਉਦਯੋਗ ਨੂੰ ਵਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਸੂਬੇ ਦੇ ਬੇਰੁਜ਼ਗਾਰ ਨੌਜੁਆਨਾਂ ਲਈ ਵਡੀ ਪਧਰ ‘ਤੇ ਨੌਕਰੀਆਂ ਪੈਦਾ ਕਰਨ ਅਤੇ ਇਸ ਸਰਹਦੀ ਇਲਾਕੇ ਵਿਚ ਵਪਾਰਕ ਸਮਰਥਾ ਦੀਆਂ ਸੰਭਾਵਨਾਵਾਂ ਨੂੰ ਹੋਰ ਤਲਾਸ਼ਣ ਵਿਚ ਮਦਦ ਮਿਲੇਗੀ। ਬੁਲਾਰੇ ਨੇ ਅਗੇ ਦਸਿਆ ਕਿ ਇਸ ਸਕੀਮ ਦੇ ਹੇਠ ਬਠਿੰਡਾ, ਲੁਧਿਆਣਾ, ਪਠਾਨਕੋਟ ਅਤੇ ਆਦਮਪੁਰ ਦੇ ਚਾਰ ਹਵਾਈ ਅਡਿਆਂ ਦਾ ਪੰਜ ਪ੍ਰਸਤਾਵਾਂ ਦੇ ਰਾਹੀਂ ਸੰਪਰਕ ਸਾਧਿਆ ਗਿਆ ਹੈ। ਅਲਾਇੰਸ ਏਅਰ ਦੇ ਨਾਲ ਪਹਿਲਾ ਹੀ ਦਿਲੀ-ਬਠਿੰਡਾ-ਦਿਲੀ ਕਾਰਜਸ਼ੀਲ ਹੈ। ਅਲਾਇੰਸ ਏਅਰ ਦੇ ਨਾਲ ਦਿਲੀ-ਪਠਾਨਕੋਟ-ਦਿੱਲੀ ਅਤੇ ਦਿਲੀ-ਲੁਧਿਆਣਾ-ਦਿਲੀ ਜੁਲਾਈ 2017 ਤਕ ਕਾਰਜਸ਼ੀਲ ਹੋ ਜਾਣਗੇ। ਇਸ ਤੋਂ ਇਲਾਵਾ ਸਪਾਇਸਜੈਟ ਰਾਹੀਂ ਦਿਲੀ-ਆਦਮਪੁਰ-ਦਿਲੀ ਅਗਸਤ 2017 ਅਤੇ ਡੈਕਨ ਦੇ ਰਾਹੀਂ ਦਿਲੀ-ਲੁਧਿਆਣਾ-ਦਿਲੀ ਸਤੰਬਰ 2017 ਵਿਚ ਕਾਰਜਸ਼ੀਲ ਹੋਣਗੇ।ਬੁਲਾਰੇ ਅਨੁਸਾਰ ਇਸ ਸਕੀਮ ਦੇ ਹੇਠ ਯਾਤਰੀਆਂ ਨੂੰ ਤਕਰੀਬਨ ਇਕ ਲਖ ਸੀਟਾਂ ਉਪਲਬਧ ਕਰਾਈਆਂ ਜਾਣਗੀਆਂ। ਇਨ੍ਹਾਂ ਵਿਚੋਂ 50000 ਸੀਟਾਂ (50 ਫੀਸਦੀ) ਰਿਆਇਤੀ ਦਰਾਂ ਦੇ ਹੇਠ ਹੋਣਗੀਆਂ। ਇਸ ਦੇ ਨਾਲ ਹੋਣ ਵਾਲੇ ਫੰਡਾਂ ਦੇ ਲੋੜੀਂਦੇ ਪਾੜੇ ਦੀ ਫੰਡਿੰਗ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ 80:20 ਦੇ ਅਨੁਸਾਰ ਸਹਿਣ ਕੀਤੀ ਜਾਵੇਗੀ।ਪੰਜਾਬ ਸਰਕਾਰ ਦਾ ਹਿਸਾ ਤਕਰੀਬਨ ਤਿੰਨ ਕਰੋੜ ਪ੍ਰਤੀ ਸਾਲ ਹੋਵੇਗਾ।ਬੁਲਾਰੇ ਅਨੁਸਾਰ ਉਡਾਣ ਇਕ ਖੇਤਰੀ ਸੰਪਰਕ ਸਕੀਮ ਹੈ। ਭਾਰਤ ਸਰਕਾਰ ਦੀ ਇਹ ਨਵੀਨਤਮ ਸਕੀਮ ਸੂਬਾ ਸਰਕਾਰਾਂ ਨਾਲ ਭਾਈਵਾਲੀ ਦੇ ਅਧਾਰਿਤ ਹੈ। ਇਸਦੇ ਹੇਠ ਕਾਰਜਸ਼ੀਲ ਨਾ ਹੋਣ ਵਾਲੇ ਰੂਟਾਂ ‘ਤੇ ਹਵਾਈ ਉਡਾਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਸੰਤੁਲਤ ਵਿਕਾਸ ਲਈ ਵਖ-ਵਖ ਖੇਤਰਾਂ ਦਾ ਸੰਪਰਕ ਬਣਾਇਆ ਜਾਂਦਾ ਹੈ।ਇਸ ਤੋਂ ਇਲਾਵਾ ਲੋਕਾਂ ਲਈ ਹਵਾਈ ਸਫਰ ਵਾਜਬ ਵੀ ਬਣਾਇਆ ਜਾਂਦਾ ਹੈ।ਇਸ ਸਕੀਮ ਬਾਰੇ ਮੁਖ ਮੰਤਰੀ ਨੂੰ ਜਾਣੂ ਕਰਾਉਂਦੇ ਹੋਏ ਪਾਧੀ ਨੇ ਦਸਿਆ ਕਿ ਉਡਾਣ ਦੇ ਹੇਠ ਰੂਟਾਂ ਦੀ ਬੋਲੀ ਪ੍ਰਕਿਰਿਆ ਰਾਹੀਂ ਪਾਰਦਰਸ਼ੀ ਢੰਗ ਨਾਲ ਚੋਣ ਕੀਤੀ ਜਾਂਦੀ ਹੈ। ਬੋਲੀ ਦੇ ਪਹਿਲੇ ਗੇੜ ਦੌਰਾਨ 27 ਪ੍ਰਸਤਾਵ ਪਾਸ ਕੀਤੇ ਗਏ ਹਨ। ਇਨ੍ਹਾਂ 128 ਰੂਟਾਂ ਵਿਚ 33 ਨਵੇਂ ਅਤੇ 12 ਘਟ ਸੇਵਾਵਾਂ ਵਾਲੇ ਹਵਾਈ ਅਡੀਆਂ ਦੇ ਰੂਟ ਹਨ। ਇਸ ਸਕੀਮ ਦੇ ਹੇਠ ਸਾਰੇ ਖੇਤਰਾਂ ਨੂੰ ਜੋੜਿਆ ਗਿਆ ਹੈ।ਜਿਨ੍ਹਾਂ ਵਿਚ ਉਤਰੀ ਖੇਤਰ ਦੇ 17, ਦਖਣ ਦੇ 11, ਉਤਰ ਪੂਰਬ ਦੇ ਛੇ, ਪਛਮ ਦੇ 24 ਅਤੇ ਪੂਰਬ ਦੇ 12 ਖੇਤਰ ਹਨ।