ਬਠਿੰਡਾ, 11 ਜੂਨ (ਇੰਦਰਜੀਤ ਨਥਾਣਾ, ਇਕਬਾਲ ਸਿੰਘ)-ਨਜਦੀਕੀ ਪਿੰਡ ਜੰਡਾਂਵਾਲਾ ਦੀ ਵਿਆਹੁਤਾ ਔਰਤ ਦੇ ਕਾਤਲ ਸਹੁਰਾ ਪਰਵਾਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਲਗਾਇਆ ਗਿਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਪਿੰਡ ਕੋਟਸ਼ਮੀਰ ਵਿਖੇ ਲੱਗੇ ਧਰਨੇ ਵਿਚ ਤੀਜੇ ਦਿਨ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਪਿੰਡ ਦੀ ਧੀ ਨੂੰ ਇਨਸਾਫ ਦਵਾਉਣ ਲਈ ਪੁਲੀਸ ਪ੍ਰਸ਼ਾਸ਼ਨ ਤੋਂ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਜਦ ਤੱਕ ਪੁਲੀਸ ਸਾਰੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਉਦੋ ਤੱਕ ਇਹ ਧਰਨਾ ਜਾਰੀ ਰਹੇਗਾ। ਧਰਨੇ ਦੌਰਾਨ ਤਹਿਸੀਲਦਾਰ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਬਾਤ ਕੀਤੀ ’ਤੇ ਭਰੋਸਾ ਦਵਾਇਆ ਕਿ ਸਾਰੇ ਕਾਤਲਾਂ ਨੂੰ ਜਲਦੀ ਹੀ ਹਿਰਾਸਤ ਵਿਚ ਲੈ ਲਿਆ ਜਾਵੇਗਾ। ਦੂਸਰੇ ਪਾਸੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਤਲ ਦੇ ਮਾਮਲੇ ਵਿਚ ਮ੍ਰਿਤਕਾ ਦੇ ਪਤੀ ਅਤੇ ਸੱਸ ਨੂੰ ਹਿਰਾਸਤ ਵਿਚ ਲੈ ਲਿਆ ਹੈ, ਬਾਕੀ ਰਹਿੰਦੇ ਕਥਿਤ ਦੋਸ਼ੀ ਮ੍ਰਿਤਕਾ ਦੀ ਨਨਾਣ ਅਤੇ ਸਹੁਰੇ ਨੂੰ ਵੀ ਜਲਦੀ ਹਿਰਾਸਤ ਵਿਚ ਲੈ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਵਿਆਹੁਤਾ ਔਰਤ ਕਿਰਨਜੀਤ ਕੌਰ ਨੂੰ ਘਰੇਲੂ ਕਲੇਸ਼ ਦੇ ਚੱਲਦਿਆ ਉਸ ਦੇ ਪਤੀ, ਸੱਸ, ਸਹੁਰਾ ਅਤੇ ਨਨਾਣ ਨੇ ਅੱਗ ਲਗਾ ਦਿੱਤੀ ਸੀ। ਅੱਗ ਨਾਲ ਝੁਲਸਣ ਕਾਰਨ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ, ਪਿੰਡ ਵਾਲਿਆਂ ਦੇ ਦਬਾਅ ਪਾਉਣ ਤੋਂ ਬਾਅਦ ਵਿਆਹੁਤਾ ਦਾ ਸਹੁਰਾ ਪਰਵਾਰ ਨੇ ਗੰਭੀਰ ਝੁਲਸੀ ਹਾਲਤ ਵਿਚ ਉਸ ਨੂੰ ਇਲਾਜ ਲਈ ਸਥਾਨਕ ਮਾਨਸਾ ਰੋਡ ਤੇ ਪੈਂਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ। ਵਿਆਹੁਤਾ ਦੇ ਪੇਕੇ ਪਰਵਾਰ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸ ਦੇ ਪਤੀ, ਸੱਸ, ਸਹੁਰਾ, ਨਨਾਣ ਦੇ ਖਿਲਾਫ਼ ਧਾਰਾ 307 ਦੇ ਅਧੀਨ ਪਰਚਾ ਦਰਜ ਕੀਤਾ ਸੀ, ਪਰ ਔਰਤ ਦੀ ਸਥਿਤੀ ਗੰਭੀਰ ਹੋਣ ਕਾਰਨ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਸਥਿਤ ਡੀ. ਐਮ. ਸੀ ਹਸਪਤਾਲ ਵਿਚ ਰੈਫਰ ਕਰ ਦਿਤਾ ਸੀ, ਜਿਥੇ ਇਲਾਜ ਦੌਰਾਨ ਉਕਤ ਔਰਤ ਦੀ ਮੌਤ ਹੋ ਗਈ ਸੀ।