ਜੇਕਰ ਬਚਪਨ ਦਾ ਸ਼ੌਕ ਸੰਜੀਦਗੀ ਨਾਲ ਅੱਗੇ ਤੋਰ ਕੇ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਇਨਸਾਨ ਬੁਲੰਦੀਆਂ ਛੂਹ ਸਕਦਾ ਹੈ। ਅਜਿਹੀ ਹੀ ਇੱਕ ਮਿਸਾਲ ਹੈ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸੀਮਾ ਕੌਸ਼ਲ। ਉਸ ਦੇ ਅਦਾਕਾਰੀ ਦੇ ਸ਼ੌਕ ਨੂੰ ਦੇਖਦਿਆਂ ਉਸ ਦੇ ਪਿਤਾ ਨੇ ਅਦਾਕਾਰੀ ਦੇ ਖੇਤਰ ਵੱਲ ਪ੍ਰੇਰਿਤ ਕੀਤਾ। ਹਾਲਾਂਕਿ ਉਸ ਸਮੇਂ ਕੁੜੀਆਂ ਦਾ ਕਲਾ ਦੇ ਖੇਤਰ ਵਿੱਚ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਪਰ ਫਿਰ ਵੀ ਕੁਝ ਰੌਸ਼ਨ ਦਿਮਾਗ਼ ਲੋਕ ਆਪਣੇ ਬੱਚਿਆਂ ਦੇ ਸ਼ੌਕ ਨੂੰ ਉਨ੍ਹਾਂ ਦਾ ਪੇਸ਼ਾ ਬਣਾਉਣ ’ਚ ਮਦਦ ਕਰਦੇ ਸਨ। ਇਸੇ ਹੀ ਤਰ੍ਹਾਂ ਸੀਮਾ ਕੌਸ਼ਲ ਨੇ ਹੇਠਲੇ ਪੱਧਰ ਤੋਂ ਆਪਣੇ ਅਦਾਕਾਰੀ ਦੇ ਸਫ਼ਰ ਨੂੰ ਸ਼ੁਰੂ ਕਰਕੇ ਸਿਖਰ ਹਾਸਿਲ ਕੀਤਾ ਹੈ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਹਮਣ ਵਾਲਾ (ਭਗਵਾਨ ਪੁਰਾ) ਦੀ ਜੰਮਪਲ ਪਿਤਾ ਮਾਸਟਰ ਸਾਧੂ ਰਾਮ ਰਿਸ਼ੀ ਦੀ ਧੀ ਸੀਮਾ ਕੌਸ਼ਲ ਨੂੰ ਸਕੂਲ ਸਮੇਂ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਪਹਿਲਾਂ ਸਕੂਲ ਤੇ ਕਾਲਜ ਦੀਆਂ ਸਟੇਜਾਂ ਤੋਂ ਸ਼ੁਰੂ ਹੋ ਕੇ ਫਿਰ ਆਕਾਸ਼ਬਾਣੀ ਰੇਡੀਓ ਅਤੇ ਦੂਰਦਰਸ਼ਨ ਲਈ ਕੰਮ ਕਰਦੇ ਹੋਏ ਸੁਨਹਿਰੀ ਪਰਦੇ ’ਤੇ ਸ਼ਾਨਦਾਰ ਢੰਗ ਨਾਲ ਪ੍ਰਵੇਸ਼ ਕੀਤਾ। ਆਕਾਸ਼ਬਾਣੀ ਰੇਡੀਓ ਦੇ ਨਿਰਮਾਤਾ ਵਿਨੋਦ ਧੀਰ ਦੇ ਸਹਿਯੋਗ ਸਦਕਾ ਉਸ ਨੇ ਨਾਟਕ ‘ਪ੍ਰਤਾਪੀ’, ‘ਜੰਗ ਜਾਂ ਅਮਨ’, ‘ਪੂਰਨਮਾਸ਼ੀ’,‘ਰੂਹ ਪੰਜਾਬ ਦੀ’ ਆਦਿ ਤੋਂ ਲੈ ਕੇ ਨਿਰਮਾਤਾ ਪੁਨੀਤ ਸਹਿਗਲ ਦੇ ਸਹਿਯੋਗ ਨਾਲ ਦੂਰਦਰਸ਼ਨ ’ਤੇ ਲੋਕਪ੍ਰਿਯ ਹੋਏ ਨਾਟਕ ‘ਭਾਗਾਂ ਵਾਲਿਆਂ’, ‘ਇਹ ਕਿਹੀ ਰੁੱਤ ਆਈ’ ਆਦਿ ਰਾਹੀਂ ਸੀਮਾ ਕੌਸ਼ਲ ਨੇ ਸਫ਼ਰ ਨੂੰ ਅੱਗੇ ਤੋਰਿਆ ਹੈ। ਆਕਾਸ਼ਬਾਣੀ ਰੇਡਿਓ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਰਾਮ ਸਰੂਪ ਅਖਣੀ ਦੇ ਨਾਟਕ ‘ਪ੍ਰਤਾਪੀ ’ ਵਿਚਲੇ ਪ੍ਰਤਾਪੀ ਦੇ ਕਿਰਦਾਰ ਨੇ ਉਸ ਦੀ ਅਲੱਗ ਪਛਾਣ ਬਣਾਈ ਹੈ। ਪੰਜਾਬੀ ਫ਼ਿਲਮ ‘ਦਿਲ ਦਾਰਾ’ ਰਾਹੀਂ ਮੁੰਬਈ ਫ਼ਿਲਮ ਨਗਰੀ ਦੇ ਸੁਪਰ ਸਟਾਰਾਂ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਇਸ ਅਦਾਕਾਰਾ ਨੇ 50-60 ਦੇ ਕਰੀਬ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਅਤੇ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪੰਜਾਬੀ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਤੋਂ ਫ਼ਿਲਮੀ ਸਫ਼ਰ ਨੂੰ ਸ਼ੁਰੂ ਕਰਦੇ ਹੋਏ ਉਹ ‘ਦਿਲ ਆਪਣਾ ਪੰਜਾਬੀ’, ‘ਮੁੰਡੇ ਯੂਕੇ ਦੇ’, ‘ਧੀ ਪੰਜਾਬ ਦੀ’, ‘ਹਸ਼ਰ’, ‘ਕੈਰੀ ਔਨ ਜੱਟਾ’, ‘ਵਿਸਾਖੀ’, ‘ਭਾਜੀ ਇਨ ਪ੍ਰੋਬਲਮ’, ‘ਕਪਤਾਨ’, ‘ਅੰਬਰਸਰੀਏ’, ‘ਸਰਦਾਰ ਜੀ-2’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਮੇਰਾ ਮਾਹੀ’, ‘ਪੰਜਾਬ 1984’, ‘ਅਰਦਾਸ’, ‘ਮੰਜੇ ਬਿਸਤਰੇ’ ਆਦਿ ਫ਼ਿਲਮਾਂ ਵਿੱਚ ਨਿਭਾਏ ਵੱਖ-ਵੱਖ ਕਿਰਦਾਰ ਨਾਲ ਹਿੱਟ ਫ਼ਿਲਮਾਂ ਦਾ ਹਿੱਸਾ ਬਣਕੇ ਚਰਚਾ ’ਚ ਰਹੀ ਹੈ। ਸੁਨਹਿਰੀ ਪਰਦੇ ’ਤੇ ਆਪਣੇ ਮਖ਼ਮਲੀ ਅੰਦਾਜ਼ ਨਾਲ ਨਿਭਾਏ ਹਰੇਕ ਕਿਰਦਾਰ ਦੀ ਮਿਹਨਤ ਨੇ ਸੀਮਾ ਕੌਸ਼ਲ ਨੂੰ ਸਫ਼ਲਤਾ ਦੀ ਸ਼ੋਹਰਤ ਦੇ ਸਿਖਰ ’ਤੇ ਪਹੁੰਚਾਇਆ ਹੈ। ਉਸ ਦਾ ਕਹਿਣਾ ਹੈ ਕਿ ਮਿਹਨਤ ਹੀ ਉਸ ਦਾ ਗਹਿਣਾ ਹੈ। ਹਮੇਸ਼ਾਂ ਚਰਚਾ ’ਚ ਰਹਿਣ ਵਾਲਾ ਸ਼ੌਕ ਉਸ ਦਾ ਸੁਭਾਅ ਬਣ ਗਿਆ ਹੈ। ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਜੀਵਨ ਸਾਥੀ ਰਾਕੇਸ਼ ਕੌਸ਼ਲ ਨੇ ਵੀ ਉਸ ਦੀ ਕਲਾ ਦੇ ਇਸ ਰੰਗ ਨੂੰ ਕਦੇ ਫਿੱਕਾ ਨਹੀਂ ਪੈਣ ਦਿੱਤਾ। ਉਹ ਕਲਾ ਦੇ ਖੇਤਰ ਵਿੱਚ ਨਿਰਦੇਸ਼ਕਾਂ ਦੀ ਬੇਹੱਦ ਰਿਣੀ ਹੈ ਜਿਨ੍ਹਾਂ ਨਾਲ ਉਸ ਨੂੰ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਹਿੰਦੀ ਸਿਨਮਾ ਲਈ ਉਸ ਨੇ ‘ਤੀਨ ਥੇ ਭਾਈ’, ‘ਲਵ ਸ਼ਵ ਤੇ ਚਿਕਨ ਖੁਰਾਣਾ’, ‘ਦੇਸੀ ਮੈਜਿਕ’ ਆਦਿ ਫ਼ਿਲਮਾਂ ਵਿੱਚ ਵਧੀਆ ਕਿਰਦਾਰ ਅਦਾ ਕੀਤੇ ਹਨ।