ਪੰਜਾਬੀ ਸਿਨਮਾ ਵਿੱਚ ਅਜਿਹੇ ਕੁਝ ਬੈਨਰਾਂ ਵਿੱਚੋਂ ਇੱਕ ਹੈ ‘ਵਾਈਟ ਹਿੱਲ ਸਟੂਡੀਓ’ ਜਿਹੜਾ ਲਗਾਤਾਰ ਫ਼ਿਲਮਾਂ ਬਣਾ ਰਿਹਾ ਹੈ। ਇਸ ਬੈਨਰ ਵੱਲੋਂ ਦਿਲਜੀਤ ਦੋਸਾਂਝ ਦੀਆਂ ਸਫ਼ਲ ਰਹੀਆਂ ਸਾਰੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ। ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’, ‘ਪੰਜਾਬ 1984’ ਤੇ ਕਈ ਹੋਰ। ਇਸ ਬੈਨਰ ਦੇ ਮਾਲਕ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਨੂੰ ਸਮਝ ਹੈ ਕਿ ਮਿਆਰੀ ਫ਼ਿਲਮ ਕਿਵੇਂ ਬਣ ਸਕਦੀ ਹੈ, ਕਿੱਥੇ ਪੈਸਾ ਲਾਉਣਾ ਹੈ, ਕਿੱਥੇ ਨਹੀਂ।
ਹੁਣ ਇਸ ਬੈਨਰ ਦੀ ਨਵੀਂ ਫ਼ਿਲਮ ‘ਸਾਬ੍ਹ ਬਹਾਦਰ’ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕਾਂ ਵੱਲੋਂ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉਡੀਕ ਦਾ ਕਾਰਨ ਇਹ ਹੈ ਕਿ ਇਸ ਵਿੱਚ ਐਮੀ ਵਿਰਕ ਹੈ। ਉਸ ਤੋਂ ਇਲਾਵਾ ਜਸਵਿੰਦਰ ਭੱਲਾ ਤੇ ਰਾਣਾ ਰਣਬੀਰ ਹੈ। ਬਾਕੀ ਕਲਾਕਾਰ ਵੀ ਸੁਹਿਰਦ ਹਨ। ਐਮੀ ਵਿਰਕ ਦਾ ਪਿਛਲੇ ਕੁਝ ਸਾਲਾਂ ਵਿੱਚ ਚੰਗਾ ਸਿੱਕਾ ਚੱਲਿਆ ਹੈ। ‘ਅੰਗਰੇਜ਼’ ਵਿੱਚ ਛੋਟੇ ਜਿਹੇ ਕਿਰਦਾਰ ਨਾਲ ਉਸ ਨੇ ਪ੍ਰਭਾਵਿਤ ਕੀਤਾ ਸੀ। ਫੇਰ ਉਹ ‘ਬੰਬੂਕਾਟ’ ਨਾਲ ਤੇ ਮੁੜ ‘ਨਿੱਕਾ ਜ਼ੈਲਦਾਰ’ ਨਾਲ ਛਾਅ ਗਿਆ।
ਐਮੀ ਸਮੇਤ ‘ਸਾਬ੍ਹ ਬਹਾਦਰ’ ਦੀ ਪੂਰੀ ਟੀਮ ਨੂੰ ਆਸ ਹੈ ਕਿ ਇਹ ਫ਼ਿਲਮ ਆਪਣੇ ਵੱਖਰੇ ਵਿਸ਼ੇ ਕਰਕੇ ਕੁਝ ਕਰ ਦਿਖਾਵੇਗੀ। ਵੱਡਾ ਕਾਰਨ ਇਹ ਕਿ ਇਹ ਥਰਿੱਲ ਪ੍ਰਧਾਨ ਫ਼ਿਲਮ ਹੈ। ਜਿਸ ਵਿੱਚ ਹਾਸਾ ਠੱਠਾ ਤਾਂ ਹੈ ਹੀ, ਦਰਸ਼ਕ ਅਖੀਰ ਤਕ ਸੋਚਦਾ ਰਹੇਗਾ ਕਿ ਅੱਗੇ ਕੀ ਹੋਣ ਵਾਲਾ ਹੈ? ਐਮੀ ਇਸ ਵਿੱਚ ਪੁਲੀਸ ਕਰਮਚਾਰੀ ਦੀ ਭੂਮਿਕਾ ਵਿੱਚ ਹੈ। ਫ਼ਿਲਮ ਦੇ ਟਰੇਲਰ, ਗੀਤਾਂ ਤੇ ਪ੍ਰਚਾਰ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਐਮੀ ਵਿਰਕ ਨੂੰ ਇਸ ਫ਼ਿਲਮ ਸਬੰਧੀ ਕਈ ਸਵਾਲ ਪੁੱਛੇ ਜਿਨ੍ਹਾਂ ਦੇ ਉੱਤਰਾਂ ਵਿੱਚੋਂ ਉਸ ਦੀ ਫ਼ਿਲਮ ਪ੍ਰਤੀ ਆਸ ਝਲਕੀ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਅੰਸ਼ :
-ਪੰਜਾਬੀ ਫ਼ਿਲਮਾਂ ਵਿੱਚ ਜੋ ਚੱਲਦਾ ਹੋਵੇ, ਅਭਿਨੇਤਾ ਵੱਲੋਂ ਉਹੋ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਤੁਸੀਂ ਥਰਿੱਲਰ ਫ਼ਿਲਮ ’ਚ ਕੰਮ ਕਿਉਂ ਕੀਤਾ?
– ਮੈਂ ਇਸ ਤੋਂ ਪਹਿਲੀਆਂ ਸਾਰੀਆਂ ਫ਼ਿਲਮਾਂ ’ਚ ਸਿੱਧਾ ਸਾਦਾ ਪੇਂਡੂ ਨੌਜਵਾਨ ਬਣਿਆ ਹਾਂ। ਮੇਰੇ ਖ਼ਿਆਲ ’ਚ ਪੰਜਾਬੀ ਫ਼ਿਲਮਾਂ ਨੂੰ ਕਾਮਯਾਬ ਕਰਨ ਲਈ ਹੋਰ ਨਵੇਂ ਵਿਸ਼ੇ ਲੱਭਣੇ ਪੈਣਗੇ, ਨਹੀਂ ਤਾਂ ਅਸੀਂ ਇੱਕੋ ਥਾਂ ’ਤੇ ਘਿਸੜਦੇ ਰਹਾਂਗੇ। ਹਿੰਦੀ ਸਿਨਮਾ ਨਵੇਂ ਤਜਰਬਿਆਂ ਨਾਲ ਭਰਿਆ ਹੋਇਆ ਹੈ, ਸ਼ਾਇਦ ਇਸੇ ਕਰਕੇ ਉੱਥੇ ਹਰ ਵਰ੍ਹੇ ਫ਼ਿਲਮਾਂ ਦੀ ਕੁਲੈਕਸ਼ਨ ਵਧਦੀ ਜਾਂਦੀ ਹੈ। ਮੇਰੀ ਜਾਚੇ ਸਾਰੇ ਹੀ ਪੰਜਾਬੀ ਫ਼ਿਲਮਸਾਜ਼ਾਂ ਨੂੰ ਵੱਖਰੇ ਤਜਰਬੇ ਕਰਨੇ ਚਾਹੀਦੇ ਹਨ। ਜੇ ਅਸੀਂ ਉਨ੍ਹਾਂ ਤਜਰਬਿਆਂ ਵਿੱਚ ਸਫ਼ਲ ਨਾ ਵੀ ਹੋਈਏ ਤਾਂ ਵੀ ਕੋਈ ਗੱਲ ਨਹੀਂ, ਪਰ ਤਜਰਬੇ ਕਰਨਾ ਸਾਡਾ ਫ਼ਰਜ਼ ਹੈ।
-‘ਸਾਬ੍ਹ ਬਹਾਦਰ’ ਦਾ ਨਾਂ ਸਾਫ਼ ਕਰ ਦਿੰਦੈ ਕਿ ਇਹ ਸਰਦਾਰਾਂ ਬਾਰੇ ਹੈ।
– ਹਾਂ, ਬਿਲਕੁਲ। ਅਸੀਂ ਸਤਿਕਾਰ ਵਸ ਸਰਦਾਰ ਬੰਦੇ ਨੂੰ ‘ਸਾਬ੍ਹ ਬਹਾਦਰ’ ਆਖਦੇ ਹਾਂ। ਮੈਂ ਖ਼ੁਦ ਸਰਦਾਰ ਹਾਂ। ਜਸਵਿੰਦਰ ਭੱਲਾ ਵੀ ਸਰਦਾਰ ਹਨ। ਫ਼ਿਲਮ ਦੇ ਕਈ ਹੋਰ ਕਿਰਦਾਰ ਵੀ ਨਿੱਜੀ ਜ਼ਿੰਦਗੀ ਵਿੱਚ ਸਰਦਾਰ ਹਨ। ਮੇਰੇ ਖ਼ਿਆਲ ਮੁਤਾਬਿਕ ਇਹੋ ਜਿਹੀਆਂ ਫ਼ਿਲਮਾਂ ਸਰਦਾਰੀ ਨੂੰ ਵਧਾਉਣ ਦਾ ਕੰਮ ਵੀ ਕਰਦੀਆਂ ਹਨ। ਸਾਡੀ ਸਰਦਾਰੀ ਦੀਆਂ ਧੁੰਮਾਂ ਦੁਨੀਆਂ ਭਰ ਵਿੱਚ ਹਨ ਤਾਂ ਫ਼ਿਲਮੀ ਪਰਦੇ ’ਤੇ ਲਿਆਉਣ ’ਚ ਵੀ ਖ਼ੁਸ਼ੀ ਹੁੰਦੀ ਹੈ।
-‘ਸਾਬ੍ਹ ਬਹਾਦਰ’ ਵਿੱਚ ਤੁਹਾਡੇ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕਲਾਕਾਰ ਹਨ। ਪਿੱਠਵਰਤੀ ਟੀਮ ਕਿਹੜੀ ਹੈ?
– ਜਸਵਿੰਦਰ ਭੱਲਾ, ਰਾਣਾ ਰਣਬੀਰ, ਹੌਬੀ ਧਾਲੀਵਾਲ, ਸੀਮਾ ਕੌਸ਼ਲ, ਪ੍ਰੀਤ ਕਮਲ ਸਮੇਤ ਕਈ ਹੋਰ ਕਲਾਕਾਰਾਂ ਦੀ ਵਧੀਆ ਭੂਮਿਕਾ ਹੈ। ਫ਼ਿਲਮ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਦਾ ਹੈ। ਕਹਾਣੀ ਜੱਸੀ ਗਰੇਵਾਲ ਦੀ ਲਿਖੀ ਹੋਈ ਹੈ। ਸੰਗੀਤ ਜਤਿੰਦਰ ਸ਼ਾਹ ਦਾ ਹੈ। ਪਹਿਲੀ ਵਾਰ ‘ਵਾਈਟ ਹਿੱਲ ਸਟੂਡੀਓ’ ਨਾਲ ‘ਜ਼ੀ ਸਟੂਡੀਓ’ ਵੱਲੋਂ ਮਿਲ ਕੇ ਕੰਮ ਕੀਤਾ ਗਿਆ ਹੈ। ਫ਼ਿਲਮ ਅਸਲ ਵਿੱਚ ਕਤਲ ਦੇ ਵਿਸ਼ੇ ’ਤੇ ਆਧਾਰਿਤ ਹੈ। ਇੱਕ ਔਰਤ ਦਾ ਕਤਲ ਹੋ ਜਾਂਦਾ ਹੈ ਤੇ ਅਸੀਂ ਉਸ ਨੂੰ ਹੱਲ ਕਰਨ ਨਿਕਲਦੇ ਹਾਂ।
-‘ਵਾਈਟ ਹਿੱਲ ਸਟੂਡੀਓ’ ਨਾਲ ਤੁਹਾਡੀ ਪਹਿਲੀ ਫ਼ਿਲਮ ਹੈ। ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ?
– ਬਹੁਤ ਵਧੀਆ। ‘ਵਾਈਟ ਹਿੱਲ’ ਨੂੰ ਪੰਜਾਬੀ ਫ਼ਿਲਮਾਂ ਦੀਆਂ ਬਾਰੀਕੀਆਂ ਬਾਰੇ ਗਿਆਨ ਹੈ। ਉਹ ਜਾਣਦੇ ਹਨ ਕਿ ਕਿਹੜੀ ਚੀਜ਼ ’ਤੇ ਪੈਸਾ ਨਿਵੇਸ਼ ਕਰਨਾ ਹੈ, ਕਿੱਥੇ ਨਹੀਂ। ਉਹ ਦਰਸ਼ਕਾਂ ਦੀ ਮੰਗ ਨੂੰ ਸਮਝਦੇ ਹਨ। ਜਦੋਂ ਬੈਨਰ ਚੰਗਾ ਹੋਵੇ ਤਾਂ ਫ਼ਿਲਮ ਵਿੱਚ ਕੰਮ ਕਰਨ ਦਾ ਮਜ਼ਾ ਜ਼ਿਆਦਾ ਆਉਂਦਾ ਹੈ। ਆਮ ਤੌਰ ’ਤੇ ਫ਼ਿਲਮ ਦੀ ਸ਼ੂਟਿੰਗ ਤੀਹ ਤੋਂ ਚਾਲੀ ਦਿਨ ਦੀ ਹੁੰਦੀ ਹੈ। ਇਨ੍ਹਾਂ ਦਿਨਾਂ ਵਿੱਚ ਜੇ ਪੂਰੀ ਟੀਮ ਪਰਿਵਾਰ ਵਾਂਗ ਰਹੇ ਤਾਂ ਵਧੀਆ ਕੰਮ ਹੁੰਦਾ ਹੈ ਤੇ ਜੇ ਕੋਈ ਸਹੀ ਨਾ ਚੱਲੇ ਤਾਂ ਪੂਰਾ ਕੰਮ ਪ੍ਰਭਾਵਿਤ ਹੋ ਜਾਂਦਾ ਹੈ।
-ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ?
-ਕਈ ਗੀਤ ਰਿਕਾਰਡ ਕੀਤੇ ਹਨ। ਕੁਝ ਫ਼ਿਲਮਾਂ ਸਾਈਨ ਕੀਤੀਆਂ ਹਨ। ਕੁਝ ਦੀ ਗੱਲ ਚੱਲ ਰਹੀ ਹੈ। ਕੋਸ਼ਿਸ਼ ਇਹੀ ਹੈ ਕਿ ਦਰਸ਼ਕਾਂ ਤੇ ਸਰੋਤਿਆਂ ਲਈ ਕੁਝ ਚੰਗਾ ਕਰ ਸਕਾਂ।