ਨੌਜਵਾਨ ਦੀ ਖੰਭੇ ਤੋਂ ਡਿੱਗਣ ਨਾਲ ਮੌਤ

image ਸਾਦਿਕ, 26 ਮਈ (ਗੁਰਵਿੰਦਰ ਔਲਖ)- ਪਿੰਡ ਜਨੇਰੀਆਂ ਵਿਖੇ ਬਿਜਲੀ ਦੇ ਖੰਭੇ ਲਾ ਕੇ ਨਵੀਂ ਲਾਇਨ ਕੱਢ ਰਹੇ ਠੇਕੇ ਤੇ ਕੰਮ ਕਰਦੇ ਇਕ ਨੌਜੁਆਨ ਦੀ  ਖੰਭੇ ਤੋਂ ਡਿੱਗ ਪੈਣ ਕਾਰਨ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਨਜ਼ਦੀਕੀ  ਪਿੰਡ ਸੰਗਤਪੁਰਾ (ਸਾਧਾਂਵਾਲਾ) ਦਾ ਜਸਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਜੋ ਬਿਜਲੀ ਦਾ ਕੰਮ ਕਰਦੇ ਠੇਕੇਦਾਰ  ਕੋਲ ਕੰਮ ਕਰਦਾ ਸੀ ਅਤੇ ਪਿੰਡ ਜਨੇਰੀਆਂ ਵਿਖੇ ਬਿਜਲੀ ਦੀ ਨਵੀਂ ਲਾਇਨ ਕਢੱਣ ਸਮੇਂ  ਖੰਭੇ ਤੇ ਚੜ੍ਹ ਕੇ ਬਿਜਲੀ ਦੀਆਂ ਤਾਰਾਂ ਪਾ ਰਿਹਾ ਸੀ ਕਿ ਅਚਾਨਕ  ਖੰਭੇ ਤੋਂ ਹੇਠਾਂ ਡਿੱਗ ਪਿਆ ਤੇ ਸੜਕ ਤੇ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਸਹਾਇਕ ਥਾਣੇਦਾਰ ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ। ਇਸ ਦੀ ਜਾਂਚ ਕਰ ਰਹੇ ਥਾਣਾ ਸਾਦਿਕ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕੀਤੀ ਹੈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜ ਦਿੱਤੀ ਹੈ। ਉਹਨਾਂ ਦੱਸਿਆ ਕਿ ਇਸ ਕੇਸ ਵਿਚ ਕਾਨੂੰਨ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ । ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਮ੍ਰਿਤਕ ਨੋਜੁਆਨ ਦੇ ਪਿਤਾ ਦੀ ਮੌਤ ਹੋ ਗਈ ਸੀ ਤੇ ਘਰ ਵਿਚ ਕੰਮ ਕਰਨ ਵਾਲਾ ਇਹ ਇਕੱਲਾ ਹੀ ਸੀ।

Send this to a friend