ਚੰਡੀਗੜ੍ਹ, 26 ਮਈ (ਬਲਜੀਤ ਸਿੰਘ ਬਰਾੜ)- ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਪਰਸਨਜ਼ ਵਿੱਦ ਡਿਸਅਬਿਲਟੀ ਐਕਟ 2016 (ਅਪੰਗ ਵਿਅਕਤੀਆਂ ਲਈ ਕਾਨੂੰਨ) ਅਧੀਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਵਿੱਤੀ ਅਤੇ ਸਮਾਜਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹਨਾਂ ਸਕੀਮਾਂ ਦਾ ਫਾਇਦਾ ਤਾਂ ਹੀ ਹੋ ਸਕਦਾ ਹੈ ਜੇਕਰ ਸਮੂਹ ਰਾਜ ਇਸ ਐਕਟ ਦੀਆਂ ਵਿਸ਼ੇਸ਼ਤਾਵਾਂ ਨੂੰ ਸਬੰਧਤ ਵਿਅਕਤੀਆਂ ਤੱਕ ਪਹੁੰਚਾਉਣ। ਇਹ ਸ਼ਬਦ ਅੱਜ ਸ੍ਰੀ ਨਵਰੀਤ ਸਿੰਘ ਕੰਗ, ਸਕੱਤਰ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਵੱਲੋਂ ਸਾਂਝੇ ਤੌਰ ਤੇ ਚੰਡੀਗੜ੍ਹ ਦੇ ਹੋਟਲ ਮਾਉਂਟਵਿਉ ਵਿੱਚ ਅਪੰਗ ਵਿਅਕਤੀਆਂ ਦੇ ਮਾਮਲਿਆਂ ਬਾਰੇ ਆਯੋਜਿਤ ਕੀਤੀ ਉੱਤਰੀ ਖੇਤਰ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੇ। ਸ੍ਰੀ ਨਵਰੀਤ ਸਿੰਘ ਕੰਗ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ, ਅਪੰਗਤਾ ਦਾ ਸ਼ਿਕਾਰ ਵਿਅਕਤੀਆਂ ਦੇ ਸ਼ਸ਼ਕਤੀਕਰਨ ਵਿਭਾਗ ਦੇ ਸਕੱਤਰ ਨੇ ਅੱਜ ਇਸ ਉੱਤਰੀ ਰਾਜਾਂ ਦੀ ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਦੱਸਿਆ ਕਿ ਪਰਸਨਜ਼ ਵਿੱਦ ਡਿਸਅਬਿਲਟੀ ਐਕਟ 2016 ਭਾਰਤ ਸਰਕਾਰ ਵੱਲੋਂ ਪਾਸ ਕੀਤਾ ਹੋਇਆ ਇੱਕ ਬਹੁਤ ਹੀ ਮਹੱਤਵਪੂਰਨ ਕਾਨੂੰਨ ਹੈ।