ਅੰਮ੍ਰਿਤਸਰ, 3 ਸਤੰਬਰ (ਪੀ.ਟੀ.)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਸਰਬ ਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਦੂਸਰੀ ਵਾਰ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਬਾਦ ਦੇਦਿਆਂ ਲੋਈ, ਸਿਰੀ ਸਾਹਿਬ ਤੇ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਧਾਨ ਹੁੰਦਿਆਂ ਪੰਜਾਬ ‘ਚ ਜੰਗ ਵਾਂਗ ਵਿਧਾਨ ਸਭਾ ਚੋਣ ਲੜੀ ਤੇ ਕਾਂਗਰਸ ਨੂੰ ਹਰਾ ਕੇ ਪੰਜਾਬੀਆਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦੇਵਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿਦੇਸ਼ਾਂ ਤੋਂ ਪੁੱਜੇ ਡੇਲੀਗੇਟਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵੱਡੇ ਇਕੱਠ ਵਿੱਚ ਏਕਤਾ ਦਾ ਸਬੂਤ ਦੇਂਦਿਆਂ ਸਰਬ-ਸੰਮਤੀ ਨਾਲ ਸ.ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਹੈ, ਜਿਸ ਲਈ ਮੈਂ ਸ. ਬਾਦਲ ਨੂੰ ਮੁਬਾਰਕਬਾਦ ਦਿੰਦਾ ਹਾਂ। ਇਸ ਮੌਕੇ ਸ.ਤਰਲੋਚਨ ਸਿੰਘ, ਸ.ਰੂਪ ਸਿੰਘ ਤੇ ਸ.ਦਲਮੇਘ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ ਇੰਚਾਰਜ ਫਲਾਇੰਗ ਆਦਿ ਮੌਜੂਦ ਸਨ।