ਨਵੀਂ ਦਿੱਲੀ, 3 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਕੋਲਾ ਘੁਟਾਲਾ ਮਾਮਲੇ ਵਿਚ ਉਸ ਦੀ ਸਰਕਾਰ ਨੇ ਕੁਝ ਨਹੀਂ ਛੁਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਮੰਨਿਆ ਜਾਣਾ ਗਲਤ ਹੈ ਕਿ ਸਰਕਾਰ ਇਸ ਮਾਮਲੇ ਵਿਚ ਕੁਝ ਛੁਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਤੀਜੇ ‘ਤੇ ਪਹੁੰਚਣਾ ਜਲਦਬਾਜ਼ੀ ਹੋਵੇਗੀ ਕਿ ਕੋਲਾ ਬਲਾਕ ਵੰਡ ਵਿਚ ਕੀਤੇ ਘੁਟਾਲੇ ਦੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੁਆਰਾ ਲੱਭੇ ਜਾ ਰਹੇ ਕਾਗਜ਼ਾਤਾਂ ਨੂੰ ਗੁੰਮ ਕੀਤਾ ਗਿਆ ਹੈ।

ਉਨ੍ਹਾਂ ਨੇ ਰਾਜ ਸਭਾ ਨੂੰ ਦੱਸਿਆ ਕਿ ਵੱਡੀ ਗਿਣਤੀ ਵਿਚ ਕਾਗਜਾਤ ਸੀ.ਬੀ.ਆਈ. ਨੂੰ ਪਹਿਲਾਂ ਹੀ ਸੌਂਪੇ ਜਾ ਚੁੱਕੇ ਹਨ ਅਤੇ ਇਸ ਵਿਚ ਅਜਿਹਾ ਕੋਈ ਕਾਗਜ਼ ਨਹੀਂ, ਜਿਸ ਦੀ ਕੁਝ ਸੰਸਦ ਮੈਂਬਰ ਨੂੰ ਸ਼ੱਕ ਹੈ। ਮਨਮੋਹਨ ਸਿੰਘ ਨੇ ਪਹਿਲਾਂ ਤਿਆਰ ਕੀਤੇ ਗਏ ਬਿਆਨ ਨੂੰ ਪੜ੍ਹਦੇ ਹੋਏ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦਿੰਦਾ ਹਾਂ ਕਿ ਸਰਕਾਰ ਦੇ ਕੋਲ ਛੁਪਾਉਣ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਯੰਤਰਣ ਅਤੇ ਮਹਾਲੇਖਾ ਪ੍ਰੀਖਿਅਕ (ਕੈਗ) ਅਤੇ ਸੀ.ਬੀ.ਆਈ. ਨੂੰ ਪੂਰਾ ਸਹਿਯੋਗ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕੁਝ ਫਾਈਲਾਂ ਗਾਇਬ ਹਨ ਤਾਂ ਸਰਕਾਰ ਪੂਰੀ ਤਰ੍ਹਾਂ ਜਾਂਚ ਕਰਵਾਏਗੀ ਅਤੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇਗੀ।
ਭਾਜਪਾ ਨਾਖੁਸ਼-ਕੋਲਾ ਘੁਟਾਲੇ ਮਾਮਲੇ ਨਾਲ ਜੁੜੀਆਂ ਫਾਇਲਾਂ ਦੇ ਗੁੰਮ ਹੋਣ ਸਬੰਧੀ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਭਾਜਪਾ ਨਾਖੁਸ਼ ਹੈ। ਪ੍ਰਧਾਨ ਮੰਤਰੀ ਦੇ ਬਿਆਨ ਤੋਂ ਅਸਤੁੰਸ਼ਟ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਅਤੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਜਦ ਤਕ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਇਸ ਮਾਮਲੇ ਉੱਪਰ ਠੀਕ ਤਰ੍ਹਾਂ ਨਾਲ ਬਿਆਨ ਨਹੀਂ ਦਿੰਦੇ ਤਦ ਤੱਕ ਵਿਰੋਧੀ ਧਿਰ ਸੰਸਦ ਨਹੀਂ ਚੱਲਣ ਦੇਵੇਗੀ।