June 19, 2026 3:22 pm

ਪੰਜਾਬ ਦਾ ਅਗਲਾ ਮੁੱਖ ਮੰਤਰੀ ਵੀ ਬਾਦਲ ਪਰਿਵਾਰ ਵਿੱਚੋਂ ਹੀ ਹੋਵੇਗਾ!

ਅੰਮ੍ਰਿਤਸਰ, 3 ਸਤੰਬਰ (ਸੁਖਜੀਤ ਸਿੰਘ ਸਮਾਉਂ)-ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਵੱਲੋਂ ਦੂਜੀ ਵਾਰ ਪ੍ਰਧਾਨ ਚੁਣ ਦਿੱਤਾ ਗਿਆ। ਸਰਬਸੰਮਤੀ ਨਾਲ ਚੁਣੇ ਗਏ ਸੁਖਬੀਰ ਦੀ ਚੋਣ ਨੇ ਰਵਾਇਤੀ ਚੋਣ ਸਮਾਰੋਹ ‘ਚ ਇਹ ਰਾਜਨੀਤਕ ਤਸਵੀਰ ਸਪੱਸ਼ਟ ਕਰ ਦਿੱਤੀ ਕੇ ਪੰਜਾਬ ਦਾ 6ਵਾਂ ਮੁੱਖ ਮੰਤਰੀ ਵੀ ਬਾਦਲ ਪਰਿਵਾਰ ‘ਚੋਂ ਸੁਖਬੀਰ ਸਿੰਘ ਬਾਦਲ ਹੀ ਹੋਵੇਗਾ। ਧਰਮ ਤੇ ਰਾਜਨੀਤੀ ਦੇ ਸੁਮੇਲ ਕਰਕੇ ਬਾਦਲ ਪਰਿਵਾਰ ਨੇ ਸੱਤਾ ਹਾਸਲ ਕਰਨ ਦੀ ਮੁਹਾਰਤ ‘ਚ ਕਾਮਯਾਬੀ ਦਾ ਝੰਡਾ ਬੇਸ਼ੱਕ ਝੁਲਾ ਦਿੱਤਾ ਹੈ, ਪ੍ਰੰਤੂ ਉਨ੍ਹਾਂ ਦੀ ਪ੍ਰਧਾਨਗੀ ‘ਚ ਹੋਣ ਵਾਲੀ 2014 ਦੀ ਲੋਕ ਸਭਾ ਚੋਣ ਪੰਜਾਬ ‘ਚ ਉਨ੍ਹਾਂ ਲਈ ਖਤਰੇ ਤੇ ਸਖਤ ਚੁਣੌਤੀ ਦੇ ਸੰਕੇਤ ਦੇ ਰਹੀ ਹੈ। ਬੇਸ਼ੱਕ ਸੁਖਬੀਰ ਬਾਦਲ ਨੇ ਅੱਜ ਇੱਥੇ ਪਹਿਲੀ ਮੀਡੀਆ ਕਾਨਫ਼ਰੰਸ ‘ਚ ਆਉਣ ਵਾਲੇ ਸਮੇਂ ‘ਚ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਦੇ ਦਾਅਵੇ ਕੀਤੇ, ਪਰ ਸੱਚਾਈ ਇਹ ਹੈ ਕੇ ਪੰਜਾਬ ਦੇ ਆਰਥਿਕ ਹਾਲਾਤ ਠੀਕ ਹੋ ਜਾਣ ਦੇ ਉਹ ਠੋਸ ਤਰਕ ਨਹੀਂ ਦੇ ਸਕੇ, ਜਦੋਂ ਕਿ ਸਿਰਫ ਸੈਂਕੜੇ ਕਰੋੜਾਂ ਦੇ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੀ ਗੱਲ ਹੀ ਦੁਹਰਾਉਂਦੇ ਨਜਰ ਆਏ। ਉਨ੍ਹਾਂ ਇਸ ਮੌਕੇ ਜਿੱਥੇ ਪੱਤਰਕਾਰਾਂ ਦੇ ਵੱਖ-ਵੱਖ ਸੁਆਲਾਂ ਦੇ ਜੁਆਬ ਖੁਸ਼ ਮਿਜਾਜ਼ ‘ਚ ਦੇਣ ਦੀ ਗੱਲ ਕੀਤੀ। ਉਥੇ ਆਰਥਿਕਤਾ ਦੇ ਸੁਆਲਾਂ ‘ਚ ਪੱਤਰਕਾਰਾਂ ਦਾ ਇਹ ਕਹਿ ਕੇ, ਮੌਜੂ ਉੁਡਾਉਣ ‘ਚ ਵੀ ਕਸਰ ਨਹੀਂ ਛੱਡੀ ਕਿ ਕੀ ਕੱਲ੍ਹ ਨੂੰ ਹੀ ਇਹ ਸਭ ਕੁਝ ਛਪ ਜਾਵੇਗਾ? ਬੇਸ਼ੱਕ ਸੁਖਬੀਰ ਬਾਦਲ ਨੇ ਦੂਜੀ ਵਾਰ ਪ੍ਰਧਾਨ ਬਣ ਕੇ ਪਰਿਵਾਰ ਦੀ ਪਾਰਟੀ ਤੇ ਰਾਜਨੀਤਕ ਵਿਰਾਸਤ 2016 ਤੱਕ ਸਾਂਭ ਲਈ ਹੈ, ਪਰ ਉਨ੍ਹਾਂ ਲਈ ਅਸਲ ਇਮਤਿਹਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਚੋਣ ਹੋਵੇਗੀ। ਜੇਕਰ ਉਹ ਪੰਜਾਬ ‘ਚ 7 ਲੋਕ ਸਭਾ ਸੀਟਾਂ ਅਕਾਲੀ ਦਲ ਨੂੰ ਜਿਤਾਉਣਗੇ ਤਾਂ ਅਸਲ ਇਮਤਿਹਾਨ ਪਾਸ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੇਸ਼ੱਕ ਪੰਜ ਹੋਰਨਾਂ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ ਅਜ਼ਮਾ ਕੇ ਪਾਰਟੀ ਨੂੰ ਖੇਤਰੀ ਤੋਂ ਰਾਸ਼ਟਰੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ। ਪਾਰਟੀ ‘ਚ ਨਵੇਂ ਇਨਕਲਾਬੀ ਸਰੂਪ ਤੇ ਵਾਤਾਵਰਣ ਦੀ ਸੰਭਾਲ ‘ਚ ਨਵੇਂ ਕਦਮ ਚੁੱਕਣ ਦੇ ਵੀ ਉਹਨਾ ਵਿਸ਼ਵਾਸ਼ ਵਾਲੇ ਵਾਅਦੇ ਕੀਤੇ।

Send this to a friend