ਚੰਡੀਗੜ੍ਹ, 3 ਸਤੰਬਰ (ਪੀ.ਟੀ.)-ਰਾਜ ਵਿਚ ਸੈਰ ਸਪਾਟੇ ਨੂੰ ਮੁੱਖ ਧੁਰੇ ਵਜੋਂ ਪ੍ਰਫੁੱਲਤ ਕਰਨ ਲਈ ਰਾਜ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਹੋਟਲ ਸਨਅਤ ਲਈ ਨਿਵੇਸ਼ ਦਾ ਸੱਦਾ ਦਿਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਪਹਿਲਾਂ ਹੀ ਪੰਜਾਬ ਨੂੰ ਬਾਹਰੀ ਨਿਵੇਸ਼ ਲਈ ਮੁੱਖ ਕੇਂਦਰ ਵਜੋਂ ਵਿਕਸਤ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਜਾ ਚੁੱਕੀ ਹੈ। ਸਰਕਾਰ ਵਲੋਂ ਰਾਜ ਵਿਚ ਇਸਦੀ ਪ੍ਰਗਤੀ ਲਈ ਹੋਟਲ ਖੇਤਰ ਲਈ ਇਕ ਖਾਸ ਨੀਤੀ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਦੇ ਸੈਰ ਸਪਾਟੇ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁੱਲਤ ਕਰਨ ਲਈ ਨਵੇਂ ਹਾਈਵੇਜ਼ ਅਤੇ ਐਕਸਪ੍ਰੈਸ ਵੇਅਜ਼ ‘ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਲੁਧਿਆਣਾ ਵਿਖੇ 4400 ਏਕੜ ਰਕਬੇ ਵਿਚ ਮਨੋਰੰਜਨ ਸਰਕਟ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਵਿਚ ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲਜ਼, ਸਪੋਰਟ ਪਾਰਲਰਜ ਘੋੜ ਸਵਾਰੀ ਅਤੇ ਸਫਾਰੀਆਂ ਲਈ ਐਡਵੈਨਚਰ ਸਪੋਰਟ ਖੇਤਰ ਆਦਿ ਸਹੂਲਤਾਂ ਹੋਣਗੀਆਂ। ਇਹ ਪ੍ਰਾਜੈਕਟ 2018 ਵਿਚ ਮੁਕੰਮਲ ਹੋ ਜਾਵੇਗਾ। ਇਸਦੇ ਇਲਾਵਾ ਮੋਹਾਲੀ ਅਤੇ ਅੰਮ੍ਰਿਤਸਰ ਵਿਖੇ ਦੋ ਟਰੇਡ ਫੇਅਰ ਸੈਂਟਰ 4000 ਤੋਂ 5000 ਦੀ ਸਮਰੱਥਾ ਵਾਲੇ ਦੋ ਕਨਵੈਨਸ਼ਨ ਸੈਂਟਰ ਸਥਾਪਤ ਕੀਤੇ ਰਹੇ ਹਨ। ਪਠਾਨਕੋਟ ਨੇੜੇ ਮਾਲਦੀਵਜ ਟਾਪੂ ਦੀ ਤਰਜ਼ ‘ਤੇ 32 ਵਰਗ ਕਿਲੋਮੀਟਰ ਗ੍ਰੀਨ ਵਾਟਰ ਲੇਕ ਵਿਕਸਤ ਕੀਤੇ ਜਾਣ ਦੀ ਯੋਜਨਾ ਹੈ। ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਅਤੇ ਪ੍ਰਾਚੀਨ ਯਾਦਗਾਰਾਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਵਲੋਂ ਕੁੱਝ ਮਹੱਤਵਪੂਰਨ ਕਿਲ੍ਹਿਆਂ ਨੂੰ ਹੋਟਲਾਂ ਵਿਚ ਤਬਦੀਲ ਕੀਤਾ ਜਾਵੇਗਾ। ਇਸ ਮਕਸਦ ਨਾਲ ਸਰਕਾਰ ਵਲੋਂ ਪ੍ਰਾਈਵੇਟ ਨਿਵੇਸ਼ਕਾਰਾ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।