June 19, 2026 6:33 pm

ਪੰਥਕ ਧਿਰਾਂ ਵੱਲੋਂ ਸੰਤ ਬਾਬਾ ਦਾਦੂਵਾਲ ਨੂੰ ਅਗਵਾਈ ਸੌਂਪਣ ਤੋਂ ਬਾਅਦ ਅਕਾਲੀ ਦਲ ਨੂੰ ਪਈ ਹੱਥਾਂ ਪੈਰਾਂ ਦੀ

ਮਹਿਲ ਕਲਾਂ, 3 ਅਗਸਤ (ਹਰਜਿੰਦਰ ਸਿੰਘ ਪੱਪੂ)- ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ‘ਚ ਸਫਲਤਾ ਮਿਲਣ ਤੋਂ ਬਾਅਦ ਸੱਤਾਧਾਰੀ ਪਾਰਟੀ ਵੱਲੋ 2014 ਦੀਆਂ ਲੋਕ ਸਭਾ ਚੋਣਾਂ ਲਈ ਕਮਰਕੱਸੇ  ਕਰ ਲਏ ਗਏ ਹਨ, ਪਰ 25 ਅਗਸਤ ਨੂੰ ਲੌਗਂੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਗਂੋਵਾਲ ਦੀ 28ਵੀਂ ਬਰਸੀ ਮੌਕੇ ਤੀਸਰੇ ਮੋਰਚੇ ਦੀ ਆਗੂ ਅਤੇ ਲੌਗੋਂਵਾਲ ਦਲ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ ਬਰਨਾਲਾ ਵੱਲੋਂ ਬੇਦਾਗ਼ ਧਾਰਮਿਕ ਸ਼ਖ਼ਸੀਅਤ ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਅਗਵਾਈ ਕਰਨ ਦੀ ਕੀਤੀ ਗਈ ਅਪੀਲ ਅਤੇ ਹਜ਼ਾਰਾਂ ਸੰਗਤਾਂ ਵੱਲੋਂ ਹੱਥ ਖੜ੍ਹੇ ਕਰਕੇ ਦਿੱਤੀ ਗਈ ਪ੍ਰਵਾਨਗੀ ਤੋਂ ਬਾਅਦ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਸੰਤ ਦਾਦੂਵਾਲ ਜਿੱਥੇ ਸਿੱਖਾਂ ਦੀ ਹਰਮਨ ਪਿਆਰੀ ਸ਼ਖਸੀਅਤ ਹਨ, ਉਥੇ ਬਾਕੀ ਕੌਮਾਂ ਦੇ ਲੋਕ ਵੀ ਉਨ੍ਹਾਂ ਦਾ ਸਤਿਕਾਰ ਕਰਦੇ ਹਨ।
bababaljitsinghji
ਮਾਲਵੇ ਦੀ ਧਰਤੀ ਜਿੱਥੇ ਪਹਿਲਾਂ ਹੀ ਅਕਾਲੀ ਦਲ ਕਾਫੀ ਕਮਜ਼ੋਰ ਹੈ, ‘ਚ ਸੰਤ  ਦਾਦੂਵਾਲ ਤਕੜਾ ਪ੍ਰਭਾਵ ਰੱਖਦੇ ਹਨ, ਪਰ ਤੀਜੇ ਮੋਰਚੇ ਦੇ ਭਾਈਵਾਲ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣਾ ਵੱਖਰਾ ਰਾਗ ਅਲਾਪਣਾ ਇਹ ਦਰਸਾਉਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਆਪਣੇ ਪਰਿਵਾਰ ਨਾਲ ਖਿਚੜੀ ਪੱਕ ਰਹੀ ਹੈ, ਕਿਉਂਕਿ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਵੀ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਨੇ ਜੋ ਵੋਟ ਪ੍ਰਾਪਤ ਕੀਤੀ ਹੈ, ਉਸ ਦਾ ਕਾਂਗਰਸ ਨੂੰ ਖਮਿਆਜ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਫਾਇਦਾ ਮਿਲਿਆ ਅਤੇ ਦੂਸਰੀ ਵਾਰ ਅਕਾਲੀ-ਭਾਜਪਾ ਗਠਜੋੜ ਸੱਤਾ ‘ਤੇ ਕਾਬਜ਼ ਹੋਇਆ। ਮਾਲਵੇ ਦੀ ਲੋਕ ਸਭਾ ਸੀਟ ਸੰਗਰੂਰ ਵੱਲ ਜੇਕਰ ਝਾਤੀ ਮਾਰੀ ਜਾਵੇ ਤਾਂ 2009 ‘ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਵਿਜੈ ਇੰਦਰ ਸਿੰਗਲਾ ਵੱਲੋਂ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੋਟਾਂ ਦੇ ਭਾਰੀ ਫਰਕ ਨਾਲ ਹਰਾਉਣ ਤੋਂ ਬਾਅਦ 5 ਸਾਲਾਂ ਵਿੱਚ ਸ੍ਰੀ ਸਿੰਗਲਾ ਵੱਲੋਂ ਗ੍ਰਾਟਾਂ ਦੇ ਗੱਫੇ ਘੱਟ ਦਿੱਤੇ ਗਏ ਜਾਂ ਵੱਧ ਪਰ ਤਿੰਨ ਧਾਰਮਿਕ ਸਥਾਨਾਂ ਬਰਨਾਲਾ ਤੋਂ ਹਜ਼ੂਰ ਸਾਹਿਬ, ਮਲੇਰਕੋਟਲਾ ਤੋਂ ਅਜਮੇਰ ਸ਼ਰੀਫ਼ ਅਤੇ ਬਰਨਾਲਾ ਤੋਂ ਵਰਿੰਦਾਵਨ ਤੱਕ ਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਹਨ, ਜਿਸ ਦਾ ਉਨ੍ਹਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਫਾਇਦਾ ਮਿਲਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ, ਜਦਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਬਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾ ਚੁੱਕਾ ਹੈ। ਸ. ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਜੋ ਵਿੱਤ ਮੰਤਰੀ ਪੰਜਾਬ ਹਨ, ਵੱਲੋਂ ਹਲਕੇ ਅੰਦਰ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ, ਪਰ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਹਲਕਾ ਬਰਨਾਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਹਲਕਿਆਂ ‘ਚ ਪਾਰਟੀ ਵੱਲੋਂ ਕਿਸੇ ਆਗੂ ਦੇ ਸਿਰ ‘ਤੇ ਇੰਚਾਰਜੀ ਦਾ ਤਾਜ ਨਾ ਪਹਿਨਾਉਣਾ ਸ. ਢੀਂਡਸਾ ਲਈ ਮੁਸ਼ਕਿਲਾਂ ਖੜ੍ਹੀਆ ਕਰ ਰਿਹਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਉਕਤ ਹਲਕੇ ਤੋਂ ਚੋਣ ਨਾ ਲੜਨ ਦਾ ਚਾਹੇ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਪਰ ਜੇਕਰ ਸੰਤ ਬਾਬਾ ਦਾਦੂਵਾਲ ਦੀ ਅਗਵਾਈ ਹੇਠ ਸਾਰੀਆਂ ਪੰਥਕ ਧਿਰਾਂ ਅਤੇ ਸੰਘਰਸ਼ੀਲ ਜੱਥੇਬੰਦੀਆਂ ਇੱਕਠੀਆਂ ਹੋ ਕੇ ਇੱਕ ਮਜ਼ਬੂਤ ਗਠਜੋੜ ਖੜ੍ਹਾ ਕਰਦੀਆਂ ਹਨ, ਤਾਂ ਇੱਥੋਂ ਦਾ ਰਾਜਨੀਤਿਕ ਦ੍ਰਿਸ਼ ਕੋਈ ਵੀ ਹੋ ਸਕਦਾ ਹੈ। ਬਰਨਾਲਾ ਸ਼ਹਿਰ ਅੰਦਰ ਸੜਕਾਂ ਉਪਰ ਖੜ੍ਹਾ ਗੰਦਾ ਪਾਣੀ ਅਤੇ ਪਿੰਡਾਂ ਵਿੱਚ ਨਾਮਾਤਰ ਵਿਕਾਸ ਹੋਣਾ ਸ. ਢੀਂਡਸਾ ਦੇ ਜੋੜਾਂ ਵਿੱਚ ਬਹਿ ਸਕਦਾ ਹੈ। ਜਦ ਕਿ ਕਾਂਗਰਸੀ ਉਮੀਦਵਾਰ ਨੂੰ ਆਪਣੇ ਜ਼ਿਲ੍ਹੇ ਦੇ ਵਿਧਾਇਕਾਂ ਨਾਲ ਤਾਲਮੇਲ ਨਾ ਹੋਣਾ ਭਾਰੀ ਪੈ ਸਕਦਾ ਹੈ ਤੇ ਜੇਕਰ ਤੀਸਰਾ ਮੋਰਚਾ ਪੂਰੀ ਇਮਾਨਦਾਰੀ ਨਾਲ ਇੱਕ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਦਾ ਹੈ ਤਾਂ ਇੱਥੋਂ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ।

Send this to a friend