ਸੰਗਰੂਰ, 10 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਬਿਜਲੀ ਦੀਆਂ ਤਾਰਾਂ ਵਿੱਚੋਂ ਸਪਾਰਕਿੰਗ ਹੋਣ ਮਗਰੋਂ ਲੱਗੀ ਅੱਗ ਕਾਰਨ ਇੱਕ ਕਿਸਾਨ ਦੀ ਕਣਕ ਦੀ ਕਰੀਬ ਛੇ ਏਕੜ ਫਸਲ ਸੜ ਗਈ। ਰੋਹ ਵਿੱਚ ਆਏ ਸੈਂਕੜੇ ਕਿਸਾਨਾਂ ਵੱਲੋਂ ਇੱਥੇ ਪਟਿਆਲਾ-ਸੰਗਰੂਰ ਮੁੱਖ ਸੜਕ ਉਪਰ ਆਵਾਜਾਈ ਠੱਪ ਕਰਕੇ ਪਾਵਰਕੌਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਥੇ ਪਟਿਆਲਾ ਰੋਡ ਉੱਤੇ ਸਥਿੱਤ ਪਿੰਡ ਝਿਊਰ ਮਾਜਰਾ ਦੇ ਕਿਸਾਨ ਬੱਬੂ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿੰਡ ਸੋਹੀਆਂ ਵਿੱਚ ਕਰੀਬ 20 ਏਕੜ ਜ਼ਮੀਨ ਠੇਕੇ ਉਪਰ ਲੈ ਕੇ ਖੇਤੀ ਕੀਤੀ ਜਾ ਰਹੀ ਹੈ। ਅੱਜ ਉਹ ਖੇਤ ਵਿੱਚ ਹੀ ਕੰਮ ਕਰ ਰਿਹਾ ਸੀ ਤਾਂ ਖੇਤ ਉਪਰੋਂ ਲੰਘਦੀ 66 ਕੇਵੀ ਬਿਜਲੀ ਸਪਲਾਈ ਲਾਈਨ ਦਾ ਜੈਂਪਰ ਟੁੱਟਣ ਕਾਰਨ ਤਾਰਾਂ ਵਿੱਚੋ ਚੰਗਿਆੜੇ ਨਿਕਲਣ ਨਾਲ ਉਸਦੀ ਕਣਕ ਦੀ ਖੜ੍ਹੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ਉੱਤੇ ਫਾਇਰ ਬਿ?ਗੇਡ ਨੂੰ ਸੂਚਨਾ ਦਿੱਤੀ ਗਈ ਅਤੇ ਆਸਪਾਸ ਦੇ ਖੇਤਾਂ ‘ਚੋ ਕਿਸਾਨ ਅਤੇ ਰਾਹਗੀਰ ਲੋਕ ਇਕੱਠੇ ਹੋ ਗਏ ਅਤੇ ਕਾਫ਼ੀ ਜਦੋਜਹਿਦ ਤੋਂ ਬਾਅਦ ਅੱਗ ਉਪਰ ਕਾਬੂ ਪਾਇਆ ਗਿਆ। ਅੱਗ ਨਾਲ ਉਸਦੀ ਕਰੀਬ ਛੇ ਏਕੜ ਕਣਕ ਦੀ ਫਸਲ ਸੜ ਗਈ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਐੱਸਡੀਐੱਮ ਭਵਾਨੀਗੜ੍ਹ ਦੀਪਜੋਤ ਕੌਰ, ਥਾਣਾ ਸਦਰ ਸੁਨਾਮ ਦੇ ਐੱਸਐੱਚਓ ਕਸ਼ਮੀਰ ਸਿੰਘ ਅਤੇ ਪਾਵਰਕੌਮ ਦੇ ਐਕਸੀਅਨ ਅਸ਼ੋਕ ਸਿੰਗਲਾ ਮੌਕੇ ‘ਤੇ ਪੁੱਜੇ। ਕਿਸਾਨ ਮੰਗ ਕਰ ਰਹੇ ਸਨ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੁਰੰਤ ਠੀਕ ਕੀਤੀਆਂ ਜਾਣ।ਕਰੀਬ ਡੇਢ ਘੰਟੇ ਦੀ ਜਦੋਜਹਿਦ ਤੋਂ ਬਾਅਦ ਕਿਸਾਨ ਸ਼ਾਂਤ ਹੋਏ ਅਤੇ ਪ੍ਰਦਰਸ਼ਨ ਖਤਮ ਕਰਦਿਆਂ ਆਵਾਜਾਈ ਬਹਾਲ ਕੀਤੀ।
56 ਏਕੜ ਕਣਕ ਸੜੀ, ਕਿਸਾਨਾਂ ਵੱਲੋਂ ਪਟਿਆਲਾ-ਸੰਗਰੂਰ ਮਾਰਗ ਜਾਮ



