Skip to content
Independent perspectives. Global stories.
BREAKING

ਜ਼ਿਲ੍ਹਾ ਪੁਲਿਸ ਵੱਲੋਂ 4 ਨਾਮੀ ਗੈਂਗਸਟਰ 2 ਰਿਵਾਲਵਰਾਂ, 3 ਪਿਸਤੌਲਾਂ, 19 ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਸਮੇਤ ਕਾਬੂ

Share this story

image ਫ਼ਤਹਿਗੜ੍ਹ ਸਾਹਿਬ, 10 ਅਪ੍ਰੈਲ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਦੀ ਪੁਲਿਸ ਨੇ ਐਸ.ਪੀ. (ਡੀ) ਸ. ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠ 4 ਨਾਮੀ ਗੈਂਗਸਟਰਾਂ ਬਲਜੀਤ ਸਿੰਘ ਉਰਫ ਲਵਲੀ ਪੁੱਤਰ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਅੱਤੇਵਾਲੀ, ਦਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸਵਰਗੀ ਸੱਤਪਾਲ ਸਿੰਘ ਪਿੰਡ ਲਿੱਤਰਾਂ ਥਾਣਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਪਮੌਰ ਥਾਣਾ ਬਸੀ ਪਠਾਣਾਂ ਨੂੰ 20 ਗਰਾਮ ਹੈਰੋਇਨ, ਦੋ ਰਿਵਾਲਵਰ 38 ਬੋਰ ਤੇ 357 ਬੋਰ, ਤਿੰਨ ਪਿਸਤੋਲ 30 ਬੋਰ ਅਤੇ 32 ਬੋਰ ਅਤੇ 19 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਸ੍ਰੀਮਤੀ ਮੀਨਾ ਨੇ ਦੱਸਿਆ ਕਿ ਐਸ.ਪੀ. (ਡੀ) ਸ੍ਰੀ ਦਲਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਸਮੇਤ ਸੀ.ਆਈ.ਏ. ਦੀ ਪੁਲਿਸ ਪਾਰਟੀ ਚੁੰਗੀ ਨੰਬਰ 4 ਸਰਹਿੰਦ ਮੰਡੀ ਵਿਖੇ ਮੌਜੂਦ ਸੀ, ਜਿਥੇ ਕਿ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਬਲਜੀਤ ਸਿੰਘ ਉਰਫ ਲਵਲੀ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਦਵਿੰਦਰ ਸਿੰਘ ਉਰਫ ਸੋਨੂੰ, ਜੋ ਕਿ ਆਪਣੀਆਂ ਕਾਰਾਂ ਨੰਬਰ ਪੀ.ਬੀ.23 ਏ-3434 ਮਾਰਕਾ ਅਪਟਰਾ ਅਤੇ ਪੀ.ਬੀ. 32 ਐਮ-0056 ਮਾਰਕਾ ਵਰਨਾ ’ਤੇ ਸਵਾਰ ਹੋ ਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਕਾਲਜ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਹੋਰ ਆਪਣੇ ਪੱਕੇ ਗਾਹਕਾਂ ਨੂੰ ਹੈਰੀਇਨ ਦੀ ਸਪਲਾਈ ਕਰਦੇ ਹਨ ਅਤੇ ਉਹਨਾਂ ਪਾਸ ਨਜਾਇਜ ਹਥਿਆਰ ਵੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-22-25/61/85 ਅਤੇ ਅਸਲਾ ਐਕਟ 25/54/59 ਅਧੀਨ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਮੁਕੱਦਮਾ ਨੰਬਰ 36 ਮਿਤੀ 4-4-17 ਨੂੰ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 20 ਗ੍ਰਾਮ ਹੈਰੀਇਨ, ਇੱਕ ਰਿਵਾਲਵਰ 38 ਬੋਰ ਸਮੇਤ 2 ਕਾਰਤੂਸ ਤੇ ਇੱਕ ਰਿਵਾਲਵਰ 357 ਬੋਰ ਮੈਗਨਮ ਸਮੇਤ 5 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਦੇ ਸਾਥੀ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਸੋਨੂੰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਦੇਸੀ ਸਮੇਤ 2 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਸੋਨੂੰ ਪਾਸੋਂ ਇੱਕ ਹੋਰ ਪਿਸਟਲ 30 ਬੋਰ ਸਮੇਤ 5 ਕਾਰਤੂਸ ਬਰਾਮਦ ਕੀਤੇ ਗਏ ਹਨ। ਜਦੋਂ ਕਿ  ਉਕਤ ਕਥਿਤ ਦੋਸ਼ੀਆਂ ਦੇ ਸਾਥੀ ਮਨਪ੍ਰੀਤ ਸਿੰਘ ਉਰਫ ਕਾਕਾ ਨੂੰ ਮਿਤੀ 8-4-17 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਪਿਸਤੋਲ 32 ਬੋਰ ਸਮੇਤ 5 ਕਾਰਤੂਸ ਬਰਾਮਦ ਕੀਤੇ ਗਏ ਸਨ। ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਕੀਤੀ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਥਿਤ ਦੋਸ਼ੀ ਲੜਾਈ ਝਗੜੇ ਕਰਨ ਦੇ ਆਦੀ ਹਨ ਅਤੇ ਇਨ੍ਹਾਂ ਦੇ ਖਿਲਾਫ ਰਾਜ ਦੇ ਵੱਖ-ਵੱਖ ਥਾਣਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਵੀ ਕਤਲ, ਕਤਲ ਦਾ ਯਤਨ, ਲੜਾਈ ਝਗੜੇ, ਅਸਲਾ ਐਕਟ ਤੇ ਐਨ.ਡੀ.ਪੀ.ਐਸ. ਐਕਟ ਦੇ 16 ਮੁਕੱਦਮੇ ਦਰਜ ਹਨ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਝਗੜੇ ਵਾਲੀਆਂ ਜਮੀਨਾਂ ਦੇ ਕਬਜਿਆਂ ਨੂੰ ਲੈ ਕੇ ਲੜਾਈਆਂ ਕਰਨ ਲਈ ਚਰਚਿਤ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਰਹਿਣ ਦੌਰਾਨ ਇਨ੍ਹਾਂ ਦੇ ਮਾੜੇ ਬੰਦਿਆਂ ਨਾਲ ਸਬੰਧ ਬਣਨ ਕਰਕੇ ਉਨ੍ਹਾਂ ਪਾਸੋਂ ਅਸਲਾ ਤੇ ਨਸ਼ੀਲੇ ਪਦਾਰਥ ਲੈਣ ਲੱਗ ਪਏ ਅਤੇ ਹੈਰੋਇਨ ਪੀਣ ਦੇ ਆਦੀ ਹੋ ਗਏ। ਉਨ੍ਹਾਂ ਦੱਸਿਆ ਕਿ ਹੈਰੋਇਨ ਪੀਣ ਕਾਰਨ ਇਨ੍ਹਾਂ ਦੇ ਖਰਚੇ ਪੂਰੇ ਨਾ ਹੋਣ ਕਰਕੇ ਇਨ੍ਹਾਂ ਨੇ ਹੈਰੋਇਨ ਲਿਆ ਕੇ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ ਸੀ। ਉਨ੍ਹਾਂ ਹੋਰ ਦੱਸਿਆ ਕਿ ਕਥਿਤ ਦੋਸ਼ੀ ਬਲਜੀਤ ਸਿੰਘ ਉਰਫ ਲਵਲੀ ਜਿਸ ਦੀ ਉਮਰ 34 ਸਾਲ ਹੈ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਉਮਰ ਵੀ ਕਰੀਬ 34 ਸਾਲ ਹੈ, ਇਹ ਦੋਵੇਂ ਇਕੱਠੇ ਪੜ੍ਹਦੇ ਰਹੇ ਹਨ ਅਤੇ ਦੋਨਾਂ ਨੇ ਇਕੱਠੇ ਬੀ.ਕਾਮ ਕੀਤੀ ਹੋਈ ਹੈ। ਜਦੋਂ ਕਿ ਕਥਿਤ ਦੋਸ਼ੀ ਦਵਿੰਦਰ ਸਿੰਘ ਉਰਫ ਸੋਨੂੰ ਜਿਸ ਦੀ ਉਮਰ ਕਰੀਬ 29 ਸਾਲ ਹੈ ਅਤੇ ਬੀ.ਏ. ਪਾਸ ਹੈ, ਨੇ ਆਪਣਾ ਜਿੰਮ ਖੋਲਿਆ ਹੋਇਆ ਹੈ ਜਦੋਂ ਕਿ ਕਥਿਤ ਦੋਸ਼ੀ ਮਨਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 31 ਸਾਲ ਹੈ ਅਤੇ ਉਹ ਬਾਰਵੀਂ ਪਾਸ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਫਤੀਸ਼ ਦੌਰਾਨ ਦੋਸ਼ੀਆਂ ਦੀ ਪੁੱਛਗਿੱਛ ਵਿੱਚੋਂ ਇਨ੍ਹਾਂ ਦੇ ਹੋਰ ਸਾਥੀਆਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੇ ਹੋਰ ਸਾਥੀਆਂ ਤੋਂ ਵੀ ਬਰਾਮਦਗੀ ਹੋਣ ਦੀ ਉਮੀਦ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਡੀ.ਜੀ.ਪੀ. ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਜ਼ਿਲ੍ਹੇ ਵਿੱਚ ਕਾਫੀ ਸਫਲਤਾ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਨਸ਼ੇ ਦੇ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ 22 ਮੁਕੱਦਮੇ ਦਰਜ ਕਰਕੇ 29 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 79 ਕਿਲੋ ਭੁੱਕੀ ਚੂਰਾ ਪੋਸਤ, 41.55 ਗਰਾਮ ਹੈਰੋਇਨ, 17 ਗਰਾਮ ਸਮੈਕ, 200 ਗਰਾਮ ਅਫੀਮ, 856 ਨਸ਼ੀਲੀਆਂ ਗੋਲੀਆਂ, 8 ਨਸ਼ੀਲੇ ਟੀਕੇ, 276 ਬੋਤਲਾਂ ਸ਼ਰਾਬ ਠੇਕਾ ਦੇਸੀ, 48 ਬੋਤਲਾ ਸ਼ਰਾਬ ਅੰਗਰੇਜੀ, 16 ਬੋਤਲਾਂ ਬੀਅਰ, 5 ਪਿਸਤੌਲ, 19 ਕਾਰਤੂਸ ਅਤੇ 2 ਚਾਕੂ ਬਰਾਮਦ ਕੀਤੇ ਗਏ ਹਨ।

WRITTEN BY