ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ‘ਪੰਜਾਬ ਟਾਇਮਜ਼’ ਦੇ ਸੰਪਾਦਕ ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਜਲੰਧਰ ਪਹੁੰਚੇ
ਜਲੰਧਰ, 5 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਦਾ ਮੁੱਖ ਟੀਚਾ ਪੰਥਕ ਸਫਾਂ ਵਿੱਚ ਸਦਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਨੂੰ ਸਾਹਮਣੇ ਰੱਖ ਕੇ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪ੍ਰੋ. ਬਡੂੰਗਰ ਇੱਥੇ ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰ ਰਹੇ ਸਨ। ਉਹ ਮੰਗਲਵਾਰ ਦੁਪਹਿਰ ਬਾਅਦ ‘ਪੰਜਾਬ ਟਾਇਮਜ਼’ ਦੇ ਸੰਪਾਦਕ ਸ.ਬਲਜੀਤ ਸਿੰਘ ਬਰਾੜ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਜਲੰਧਰ ਆਏ ਸਨ। ਉਨ੍ਹਾਂ ਨੇ ਲੱਗਭਗ 2 ਘੰਟੇ ਇੱਕ ਸਥਾਨਕ ਹੋਟੇਲ ਸਰੋਵਰ ’ਚ ਉਨ੍ਹਾਂ ਨਾਲ ਬਿਤਾਏ। ਇਸ ਮੌਕੇ ’ਤੇ ਪ੍ਰਧਾਨ ਜੀ ਦੇ ਸਹਾਇਕ ਅਤੇ ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ ਵੀ ਹਾਜ਼ਰ ਸਨ। ਹੋਟੇਲ ਸਰੋਵਰ ਪੋਰਟਿਕੋ ਦੇ ਐਮਡੀ ਸ. ਇੰਦਰਜੀਤ ਸਿੰਘ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ। ਇਸ ਮੌਕੇ ’ਤੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀ ਸ. ਗੁਰਪ੍ਰੀਤ ਸਿੰਘ ਖੁਰਾਣਾ, ਸ. ਇੰਦਰਪ੍ਰੀਤ ਸਿੰਘ ਖੁਰਾਣਾ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ ਸ. ਬਲਜਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਪੰਥਕ ਸਦਭਾਵਨਾ ਪੈਦਾ ਕਰਨ ਲਈ ਯਤਨਸ਼ੀਲ



