ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਭਾਰਤੀ ਮੂਲ ਦੀ ਨਿੱਕੀ ਹੈਲੇ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਦੇ ਹੋਣਗੇ। ਨਿੱਕੀ ਹੈਲੇ ਦਾ ਸੰਬੰਧ ਸਿੱਖ ਪਰਿਵਾਰ ਨਾਲ ਹੈ ਅਤੇ ਉਨ੍ਹਾਂ ਦਾ ਅਸਲੀ ਨਾਂ ਨਿਮਰਤਾ ਰੰਧਾਵਾ ਹੈ। ਨਿੱਕੀ ਨੇ ਮੰਗਲਵਾਰ ਨੂੰ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਆਪਣੇ ਭਾਰਤੀ ਮੂਲ ਬਾਰੇ ਗੱਲ ਕੀਤੀ। ਨਿੱਕੀ ਨੇ ਕਿਹਾ ਕਿ ਉਨ੍ਹਾਂ ਦੇ ਸਿੱਖ ਮਾਤਾ-ਪਿਤਾ ਨੇ ਉਨ੍ਹਾਂ ਨੂੰ ਪਾਲਣ-ਪੋਸ਼ਣ ਦੌਰਾਨ ਮਜ਼ਬੂਤ ਬਣਾਇਆ। ਆਜ਼ਾਦ ਅਤੇ ਖੁੱਲ੍ਹ ਕੇ ਬੋਲਣ ਦੀ ਸਮਰੱਥਾ ਦੇ ਉਨ੍ਹਾਂ ਦੇ ਗੁਣ ਬਾਰੇ ਪੁੱਛੇ ਜਾਣ ‘ਤੇ ਨਿੱਕੀ ਨੇ ਕਿਹਾ, ‘‘ਲੋਕਾਂ ਨੂੰ ਲੱਗਦਾ ਹੈ ਕਿ ਕੁਝ ਵੱਡਾ ਹਾਸਲ ਕਰਨਾ ਮੇਰਾ ਟੀਚਾ ਹੈ, ਜਦਕਿ ਸੱਚਾਈ ਇਹ ਹੈ ਕਿ ਮੈਂ ਭਾਰਤੀ ਮਾਂ-ਬਾਪ ਦੀ ਧੀ ਹਾਂ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਜੋ ਵੀ ਕਰੇ ਆਪਣੇ ਵਲੋਂ ਵਧੀਆ ਕਰੇ ਅਤੇ ਯਕੀਨੀ ਕਰੇ ਕਿ ਲੋਕ ਤੈਨੂੰ ਇਸ ਲਈ ਯਾਦ ਰੱਖਣ। ਮੈਂ ਇਹ ਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।‘‘ਨਿੱਕੀ ਨੇ ਅੱਗੇ ਕਿਹਾ ਮੈਨੂੰ ਬਸ ਇਹ ਪਤਾ ਹੈ ਕਿ ਆਪਣੀ ਸਮਰੱਥਾ ਮੁਤਾਬਕ ਵਧੀਆ ਤਰੀਕੇ ਨਾਲ ਕੰਮ ਕਰਨਾ ਹੈ। ਮੈਂ ਦੋ ਭਰਾਵਾਂ ਅਤੇ ਇਕ ਭੈਣ ‘ਚੋਂ ਹਾਂ ਅਤੇ ਸਾਡੇ ਮਾਂ-ਬਾਪ ਨੇ ਸਾਡਾ ਅਜਿਹਾ ਪਾਲਣ-ਪੋਸ਼ਣ ਕੀਤਾ ਕਿ ਅਸੀਂ ਮਜ਼ਬੂਤ ਬਣੀਏ। ਨਿੱਕੀ ਦਾ ਅਸਲੀ ਨਾਲ ਨਿਮਰਤਾ ਰੰਧਾਵਾ ਅਤੇ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਰੰਧਾਵਾ ਅਤੇ ਮਾਤਾ ਰਾਜ ਕੌਰ ਰੰਧਾਵਾ ਹਨ, ਜੋ ਕਿ 1960 ਦੇ ਦਹਾਕੇ ’ਚ ਕੈਨੇਡਾ ਤੋਂ ਬਾਅਦ ਅਮਰੀਕਾ ਵਿਚ ਆ ਕੇ ਵਸ ਗਏ ਸਨ। ਉਂਝ ਨਿੱਕੀ ਅਤੇ ਉਸ ਦੇ ਮਾਤਾ-ਪਿਤਾ ਪੰਜਾਬ ਦੇ ਅੰਮ੍ਰਿਤਸਰ ਤੋਂ ਹਨ। ਉਨ੍ਹਾਂ ਦੇ ਪਿਤਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ ਅਤੇ ਮਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ (ਕਾਨੂੰਨ) ’ਚ ਗਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਸੀ।
ਸਿੱਖ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਭਾਰਤੀ ਮੂਲ ਦੀ ਨਿੱਕੀ ਹੈਲੇ


