ਨਵੀਂ ਦਿੱਲੀ, 24 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਕੱਲ੍ਹ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਵੱਲੋਂ ਅਯੁੱਧਿਆ ਤੋਂ ਸ਼ੁਰੂ ਕੀਤੀ ਜਾ ਰਹੀ ਯਾਤਰਾ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ ਦਲ (ਰਾਜਦ), ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਦੇ ਮੈਂਬਰਾਂ ਨੇ ਲੋਕ ਸਭਾ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਨੂੰ ਆੜੇ ਹੱਥੀਂ ਲਿਆ। ਸਿਫ਼ਰ ਕਾਲ ਦੌਰਾਨ ਰਾਜਦ ਦੇ ਪ੍ਰਭੂਨਾਥ ਸਿੰਘ ਨੇ ਕੇਂਦਰ ਨੂੰ ਕਿਹਾ ਕਿ ਉਹ ਭਾਜਪਾ ਵੱਲੋਂ ਸਮਰਥਨ ਪ੍ਰਾਪਤ ਵਿਹਿਪ ਦੀ ਯਾਤਰਾ ਯੋਜਨਾ ‘ਚ ਦਖ਼ਲ ਦੇਵੇ ਕਿਉਂਕਿ ਦੇਸ਼ ਦੀ ਫਿਰਕੂ ਸਦਭਾਵਨਾ ਲਈ ਇਹ ਠੀਕ ਨਹੀਂ। ਉਨ੍ਹਾਂ ਕਿਹਾ ਕਿ ਯਾਤਰਾ ਦਾ ਸਮਰਥਨ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਮਾਨਤਾ ਖਤਮ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਭਾਜਪਾ ਅਤੇ ਰਾਜਦ ਦੇ ਮੈਂਬਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਿਆ। ਸਪਾ ਮੈਂਬਰਾਂ ਨੇ ਰਾਜਦ ਦਾ ਸਮਰਥਨ ਕੀਤਾ। ਬਸਪਾ ਦੇ ਦਾਰਾ ਸਿੰਘ ਚੌਹਾਨ ਨੇ ਕਿਹਾ ਕਿ ਇਹ ਯਾਤਰਾ ਭਾਜਪਾ ਅਤੇ ਸਪਾ ਵਿਚਾਲੇ ਕਾਲਪਨਿਕ ਦੁਸ਼ਮਣ ਨਾਲ ਲੜਾਈ ਦੇ ਤੁੱਲ ਹੈ। ਸਪਾ ਦੇ ਸ਼ਲਿੰਦਰ ਕੁਮਾਰ ਨੇ ਕਿਹਾ ਕਿ ਕੁਝ ਧੜੇ ਅਤੇ ਸਿਆਸੀ ਪਾਰਟੀਆਂ ਦੇਸ਼ ਨੂੰ ਧਰਮ ਦੇ ਆਧਾਰ ‘ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਦੇ ਜਗਦੰਬਿਕਾ ਪਾਲ ਨੇ ਕਿਹਾ ਕਿ ਇਹ ਧਾਰਮਿਕ ਨਹੀਂ ਸਗੋਂ ਰਾਜਨੀਤਕ ਯਾਤਰਾ ਹੈ।