ਲਖਨਊ, 24 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਨੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੀ 25 ਅਗਸਤ ਤੋਂ 13 ਸਤੰਬਰ ਤੱਕ ਪ੍ਰਸਤਾਵਿਤ 84 ਕੋਹ ਪੈਦਲ ਯਾਤਰਾ ‘ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਲਾਈ ਰੋਕ ਹਟਾਉਣ ਸਬੰਧੀ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ। ਜਦੋਂ ਕਿ ਵਹਿਪ ਆਪਣੇ ਫ਼ੈਸਲੇ ‘ਤੇ ਅੜੀ ਹੋਈ ਹੈ ਅਤੇ ਪ੍ਰਸ਼ਾਸਨ ਨੇ ਆਗੂਆਂ ਦੀ ਫੜੋ ਫੜੀ ਸ਼ੁਰੂ ਕਰ ਦਿੱਤੀ ਹੋਈ ਹੈ। ਜਸਟਿਸ ਸ੍ਰੀ ਐੱਲ. ਕੇ ਮਹਾਪਾਤਰਾ ਅਤੇ ਜਸਟਿਸ ਸ੍ਰੀ ਦਵਿੰਦਰ ਕੁਮਾਰ ਉਪਾਧਿਆ ਦੇ ਬੈਂਚ ਦੇ ਸਾਹਮਣੇ ਪ੍ਰਮੋਦ ਕੁਮਾਰ ਵੱਲੋਂ ਯਾਤਰਾ ਕੱਢੇ ਜਾਣ ਦੀ ਇਜਾਜ਼ਤ ਲੈਣ ਲਈ ਦਾਇਰ ਜਨਹਿੱਤ ਪਟੀਸ਼ਨ ਰੱਦ ਕੀਤੀ ਹੈ। ਬੈਂਚ ਨੇ ਕਿਹਾ ਕਿ ਇਸ ਸਾਲ ਪ੍ਰਸਤਾਵਿਤ ਪੈਦਲ ਯਾਤਰਾ ਧਾਰਮਿਕ ਅਤੇ ਰਵਾਇਤੀ ਨਹੀਂ ਇਸ ਲਈ ਸਰਕਾਰ ਵੱਲੋਂ ਲਏ ਗਏ ਫ਼ੈਸਲੇ ‘ਤੇ ਇਤਰਾਜ਼ ਕਰਨਾ ਯੋਗ ਨਹੀਂ।

ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਇਹ ਯਾਤਰਾ ਧਾਰਮਿਕ ਹੈ ਅਤੇ ਇਸ ‘ਤੇ ਸਰਕਾਰੀ ਰੋਕ ਗੈਰ ਕਾਨੂੰਨੀ ਹੈ। ਇਹ ਯਾਤਰਾ ਜ਼ਿਲ੍ਹੇ ਦੀ ਮਖੌੜਾ ਨਾਮੀ ਜਗ੍ਹਾ ਤੋਂ ਸ਼ੁਰੂ ਕੀਤੀ ਜਾਣੀ ਹੈ। ਦੂਸਰੇ ਪਾਸੇ ਸਰਕਾਰੀ ਪਾਬੰਦੀ ਅਤੇ ਭਾਰੀ ਪੁਲਿਸ ਬੰਦੋਬਸਤ ਹੋਣ ਦੇ ਬਾਵਜੂਦ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ 25 ਅਗਸਤ ਤੋਂ ਪ੍ਰਸਤਾਵਿਤ 84 ਕੋਹ ਪੈਦਲ ਯਾਤਰਾ ਆਪਣੇ ਨਿਰਧਾਰਿਤ ਸਮੇਂ ‘ਤੇ ਸ਼ੁਰੂ ਹੋਵੇਗੀ। ਤੋਗੜੀਆ ਨੇ ਕਿਹਾ ਕਿ ਯਾਤਰਾ ਸ਼ੁੱਧ ਰੂਪ ‘ਚ ਧਾਰਮਿਕ ਹੈ ਪ੍ਰੰਤੂ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਇਸ ‘ਤੇ ਪਾਬੰਦੀ ਲਗਵਾ ਕੇ ਇਸ ਨੂੰ ਰਾਜਨੀਤਕ ਬਣਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸੰਤਾਂ ਦੀ ਯਾਤਰਾ ਹੈ ਇਸ ਨੂੰ ਕਦੀ ਵੀ ਕੱਢਿਆ ਜਾ ਸਕਦਾ ਹੈ। ਇਸੇ ਦੌਰਾਨ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਅਯੁੱਧਿਆ ਦੇ ਨਾਲ ਲਗਦੇ 6 ਜ਼ਿਲ੍ਹਿਆਂ ਦੀਆਂ ਹੱਦਾਂ ਜਾਮ ਕਰ ਦਿੱਤੀਆਂ ਹਨ। ਰਸਤਿਆਂ ‘ਚ ਰੋਕਾਂ ਲਗਾਈਆਂ ਗਈਆਂ ਹਨ। ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ। ਯੂ. ਪੀ. ਸਰਕਾਰ ਹਰ ਹਾਲਤ ‘ਚ ਇਹ ਪੈਦਲ ਯਾਤਰਾ ਰੋਕਣਾ ਚਾਹੁੰਦੀ ਹੈ , ਉਸ ਦਾ ਕਹਿਣਾ ਹੈ ਕਿ ਉਹ ਪ੍ਰਦੇਸ਼ ਨੂੰ ਗੁਜਰਾਤ ਨਹੀਂ ਬਣਨ ਦੇਵੇਗੀ। ਅਸ਼ੋਕ ਸਿੰਘਲ ਤੋਂ ਇਲਾਵਾ, ਪ੍ਰਵੀਨ ਤੋਗੜੀਆ, ਰਾਮ ਵਿਲਾਸ ਵੇਦਾਂਤੀ ਸਮੇਤ ਵਿਹਿਪ ਦੇ 70 ਆਗੂਆਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਵਿਹਿਪ ਦੀ ਪ੍ਰਸਤਾਵਿਤ 84 ਕੋਹ ਪੈਦਲ ਯਾਤਰਾ ਦੇ ਮੱਦੇਨਜ਼ਰ ਅੱਜ ਅਯੁੱਧਿਆ ‘ਚ 200 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉੱਚ ਪੁਲਿਸ ਅਧਿਕਾਰੀ ਬੀ. ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਧਾਰਾ 144 ਦਾ ਉਲੰਘਣ ਕਰਨ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਗਰਾ ‘ਚ 66 ਅਤੇ ਫਤਹਿਪੁਰ ‘ਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਜਾਰੀ ਹਨ, ਜਦੋਂ ਕਿ ਵਹਿਪ ਦੇ ਬਹੁਤ ਸਾਰੇ ਆਗੂ ਰੂਪੋਸ਼ ਹੋ ਗਏ ਹਨ।