ਮੁੰਬਈ— ਆਲੀਆ ਭੱਟ ਤੇ ਵਰੁਣ ਧਵਨ ਸਟਾਰਰ ਫਿਲਮ ‘ਬਦਰੀਨਾਥ ਕੀ ਦੁਲਹਨੀਆ’ ਬਾਕਸ ਆਫਿਸ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਰਿਲੀਜ਼ ਤੋਂ ਬਾਅਦ ਫਿਲਮ ਨੇ 9 ਦਿਨਾਂ ‘ਚ 88.77 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਆਪਣੇ ਦੂਜੇ ਵੀਕੈਂਡ ‘ਚ ਵੀ ਸ਼ਾਨਦਾਰ ਕਮਾਈ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਸ ਸ਼ੁੱਕਰਵਾਰ 4.21 ਕਰੋੜ ਰੁਪਏ ਤੇ ਸ਼ਨੀਵਾਰ 5.90 ਕਰੋੜ ਰੁਪਏ ਦੀ ਕਮਾਈ ਕਰਕੇ ਫਿਲਮ ਤੇਜ਼ੀ ਨਾਲ 100 ਕਰੋੜ ਕਲੱਬ ਵੱਲ ਵੱਧ ਰਹੀ ਹੈ।
ਇਸ ਫਿਲਮ ਦੀ ਕਾਮਯਾਬੀ ਨਾਲ ਇਕ ਹੋਰ ਰਿਕਾਰਡ ਜੁੜ ਗਿਆ ਹੈ। ਵੈੱਬਸਾਈਟ ‘ਕੋਈਮੋਈ ਡਾਟ ਕਾਮ’ ਮੁਤਾਬਕ ਬੰਪਰ ਕਮਾਈ ਕਰ ਰਹੀ ਇਹ ਫਿਲਮ ਆਲੀਆ ਭੱਟ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਆਲੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ‘2 ਸਟੇਟਸ’ ਹੈ। ਇਸ ਫਿਲਮ ਨੇ ਆਪਣੇ ਲਾਈਫਟਾਈਮ ਬਿਜ਼ਨੈੱਸ ‘ਚ 104 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਿਸ ਤੋਂ ਬਾਅਦ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦਾ ਨੰਬਰ ਆਉਂਦਾ ਸੀ, ਜਿਸ ਨੇ ਲਗਭਗ 78 ਕਰੋੜ ਰੁਪਏ ਦੀ ਕਮਾਈ ਕੀਤੀ।
ਹੁਣ ‘ਬਦਰੀਨਾਥ ਕੀ ਦੁਲਹਨੀਆ’ ਨੇ ਆਪਣੇ ਪਹਿਲੇ ਭਾਗ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਕਮਾਈ ਦੇ ਮਾਮਲੇ ‘ਚ ਪਛਾੜ ਦਿੱਤਾ ਹੈ।



