June 19, 2026 1:24 am

ਐੱਨ.ਡੀ.ਏ. ਸਰਕਾਰ ਬਣਨ ‘ਤੇ ਪੰਜਾਬ ਦੇ ਮੁੱਖ ਮਸਲੇ ਹੱਲ ਹੋਣਗੇ : ਬਾਦਲ

ਬਾਬਾ ਬਕਾਲਾ, 21 ਅਗਸਤ (ਨਰਿੰਦਰ ਪਾਲ ਸਿੰਘ, ਮਨਜੀਤ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ, ਬਿਕਰਮਜੀਤ ਸਿੰਘ)-ਰੱਖੜ ਪੁੰਨਿਆਂ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਈ ਗਈ ਸਿਆਸੀ ਰੈਲੀ ਨੂੰ ਸੰਬੋਧਤ ਕਰਦਿਆਂ ਮੁਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦਾ ਕੀਤਾ ਹੈ ਕਿ ਜੇਕਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੀ ਜਨਤਾ ਐਨ.ਡੀ.ਏ. ਦੀ ਸਰਕਾਰ ਤੇ ਪ੍ਰਧਾਨ ਮੰਤਰੀ ਬਣਾਉਂਦੀ ਹੈ ਤਾਂ ਸਾਲ 2014 ਦੀ ਰੱਖੜ ਪੁੰਨਿਆ ਮੌਕੇ ਨਵਾਂ ਪ੍ਰਧਾਨ ਮੰਤਰੀ ਖੁਦ ਇਸੇ ਸਥਾਨ ‘ਤੇ ਆ ਕੇ ਪੰਜਾਬ ਦੀਆਂ ਚਿਰੋਕਣੀਆਂ ਮੰਗਾਂ ਨੂੰ ਹੱਲ ਕਰੇਗਾ।
parkashsinghbadal
ਕੇਂਦਰ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਨੂੰ ਬਾਰ ਬਾਰ ਅਣਗੋਲਿਆਂ ਕੀਤੇ ਜਾਣ ਨੂੰ ਲੈਕੇ ਮੁਖ ਮੰਤਰੀ ਨੇ ਕਿਹਾ ਕਿ ਕਾਂਗਰਸ ਤਾਂ ਅਜੇਹੀ ਗਾਂ ਹੈ ਜਿਸਨੇ ਪੰਜਾਬ ਨੂੰ ਕਦੇ ਦੁੱਧ ਨਹੀ ਦਿੱਤਾ। ਸ. ਬਾਦਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ,ਬਾਬਾ ਬਕਾਲਾ ਦੀ ਮਹਾਨਤਾ ਦਸਦਿਆਂ ਕਿਹਾ ਕਿ ਇਸ ਅਸਥਾਨ ‘ਤੇ ਕਈ ਸਾਲ ਤੱਪ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿਚ ਜਾਕੇ ਸੀਸ ਦਿੱਤਾ ਸੀ ਤੇ ਇਸ ਤੋਂ ਬਾਅਦ ਪੰਜਾਬੀਆਂ ਤੇ ਸਿੱੱਖਾਂ ਨੇ ਤਾਂ ਕੁਰਬਾਨੀਆਂ ਦੀ ਝੜੀ ਲਾ ਦਿੱਤੀ। ਸ. ਬਾਦਲ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਲਈ, ਬਾਹਰੀ ਮੁਲਕਾਂ ਤੋਂ ਬਚਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ਲੇਕਿਨ ਕੇਂਦਰ ਨੇ ਸਾਲ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਫੌਜ ਚਾੜ੍ਹ ਕੇ ਸਿੱਖਾਂ ਨੂੰ ਇਨ੍ਹਾਂ ਕੁਰਬਾਨੀਆਂ ਦਾ ਸਿਲ੍ਹਾ ਦਿੱਤਾ। ਸ. ਬਾਦਲ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੇਸ਼ ਦੀ ਬਾਹਰੀ ਤੇ ਅੰਦਰਲੀ ਸੁਰੱਖਿਆ ਕਾਇਮ ਰੱਖਣ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਦੇ ਚੀਨ ਸਾਡੇ ਦੇਸ਼ ਦੀ ਜ਼ਮੀਨ ‘ਤੇ ਕਬਜ਼ਾ ਕਰਦਾ ਹੈ ਤੇ ਕਦੇ ਪਾਕਿਸਤਾਨ ਸਾਡੇ ਸੈਨਿਕਾਂ ਦੇ ਸਿਰ ਹੀ ਵੱਢ ਕੇ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀ ਤਾਂ ਗੁਆਂਢੀ ਮੁਲਕਾਂ ਨਾਲ ਹੀ ਦੁਸ਼ਮਣੀ ਪਾਲ ਰਹੇ ਹਨ। ਇਸਤੋਂ ਪਹਿਲਾਂ ਅਕਾਲੀ ਦਲ ਦੁਆਰਾ ਅਯੋਜਿਤ ਇਸ ਰੈਲੀ ਨੂੰ ਪੰਜਾਬ ਭਾਜਪਾ ਦੇ  ਪ੍ਰਧਾਨ ਸ੍ਰੀ ਕਮਲ ਸ਼ਰਮਾ, ਤਰਨਤਾਰਨਤੋਂ ਸਾਂਸਦ ਡਾ. ਰਤਨ ਸਿੰਘ ਅਜਨਾਲਾ, ਸਾਬਕਾ ਰਾਜ ਸਭਾ ਮੈਂਬਰ ਰਾਜ ਮਹਿੰਦਰ ਸਿੰਘ ਮਜੀਠੀਆ, ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਬਿਕਰਮ ਸਿੰਘ ਮਜੀਠੀਆ, ਵਿਧਾਇਕ ਬੀਬੀ ਜਗੀਰ ਕੌਰ, ਇੰਦਰਬੀਰ ਸਿੰਘ ਬੁਲਾਰੀਆ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ।ਆਪਣੇ ਜੋਸ਼ੀਲੇ ਭਾਸ਼ਣ ਵਿਚ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦੇਸ਼ ਦਾ ਜਿੰਨਾ ਨੁਕਸਾਨ ਕਾਂਗਰਸ ਪਾਰਟੀ ਨੇ 50-52 ਸਾਲ ਵਿਚ ਕੀਤਾ ਹੈ ਏਨਾ ਤਾਂ ਅੰਗਰੇਜ਼ 200 ਸਾਲ ਵਿੱਚ ਨਹੀਂ ਕਰਕੇ ਗਏ।ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਜਨਤਾ ਇਸ ਵਾਰ ਵੀ ਕਾਂਗਰਸ ਨੂੰ 100 ਤੋਂ ਵੱਧ ਸੀਟਾਂ ਦਿੰਦੀ ਹੈ ਤਾਂ ਇਹ ਸਮਝ ਲਿਆ ਜਾਵੇ ਇਸ ਵਿਚ ਦੇਸ਼ ਦੀ ਜਨਤਾ ਦਾ ਹੀ ਨੁਕਸਾਨ ਹੈ। ਸ੍ਰੀ ਕਮਲ ਸ਼ਰਮਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਹੀ ਉਦਾਹਰਨਾ ਦੇ ਕੇ ਦੱਸਿਆ ਕਿ ਹੁਣ ਤਾਂ ਉਲਟੀ ਵਾੜ ਦੇਸ਼ ਨੂੰ ਖਾਣ ਲੱਗ ਪਈ ਹੈ ਲੇਕਿਨ ਬਾਬਾ ਨਾਨਕ ਦੇ ਪੈਰੋਕਾਰ ਸੱਚ ਸੁਨਾਉਣਾ ਜਾਣਦੇ ਹਨ ,ਇਹ ਸਮਝ ਲੈਣਾ ਚਾਹੀਦਾ ਹੈ। ਇਸ ਰੈਲੀ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਭਾਈ ਰਾਮ ਸਿੰਘ, ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ, ਮਘਵਿੰਦਰ ਸਿੰਘ ਖਾਪੜਖੇੜੀ ,ਸੁਰਜੀਤ ਸਿੰਘ ਭਿੱਟੇਵੱਡ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ ,ਵਿਧਾਇਕ ਹਰਮੀਤ ਸਿੰਘ ਸੰਧੂ, ਮਨਦੀਪ ਸਿੰਘ ਮੰਨਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਤੇ ਅਹੁਦੇਦਾਰ ਮੌਜੂਦ ਸਨ।

Send this to a friend