ਬਾਬਾ ਬਕਾਲਾ, 21 ਅਗਸਤ (ਨਰਿੰਦਰ ਪਾਲ ਸਿੰਘ, ਮਨਜੀਤ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ, ਬਿਕਰਮਜੀਤ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਅਕਾਲੀ-ਭਾਜਪਾ ਸਰਕਾਰ ‘ਤੇ ਵਰਦਿਆਂ ਇਸ ‘ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਹ ਸਰਕਾਰ ਜਿੱਥੇ ਬਾਕੀ ਮੁੱਦਿਆਂ ‘ਤੇ ਨਾਕਾਮਯਾਬ ਰਹੀ ਹੈ, ਉਥੇ ਇਸ ਨੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰਾਂ ਦੀ ਤਰੱਕੀ ਨੂੰ ਪੂਰਨ ਤੌਰ ‘ਤੇ ਦਰਕਿਨਾਰ ਕੀਤਾ ਹੈ।

ਅੱਜ ਇੱਥੇ ਸਿੱਖ ਸ਼ਰਧਾਲੂਆਂ ਨੂੰ ਇਤਿਹਾਸਿਕ ਰੱਖੜ ਪੁੰਨਿਆਂ ਦੇ ਮੇਲੇ ‘ਤੇ ਸੰਬੋਧਨ ਕਰਦਿਆਂ ਬਾਜਵਾ ਨੇ ਸੂਬੇ ਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਜਿੱਥੇ ਸਭ ਨੂੰ ਰੱਖੜ ਪੁੰਨਿਆ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ, ਉਥੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਮੀਰ ਵਿਰਸੇ ਨੂੰ ਸੰਭਾਲਣ ‘ਚ ਅਸਮਰਥ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਜਾਂ ਸੂਬੇ ਦੀ ਸਰਕਾਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਇਲਾਕੇ ਦੇ ਸੱਭਿਆਚਾਰ ਨੂੰ ਸੰਭਾਲੇ, ਪਰ ਇਸ ਸਰਕਾਰ ਦਾ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪੰਜਾਬ ਵੱਲ ਖਿੱਚਣ ‘ਤੇ ਕੋਈ ਵੀ ਰੁਝਾਨ ਨਹੀਂ ਹੈ।ਸ. ਬਾਜਵਾ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ਅਤੇ ਅੱਜ ਹਰ ਵਰਗ ਇਸ ਸਰਕਾਰ ਦੀ ਕਾਰਗੁਜ਼ਾਰੀ ‘ਤੇ ਚਿੰਤਤ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਪ੍ਰਸ਼ਾਸ਼ਨ ‘ਤੇ ਕੋਈ ਵੀ ਕੰਟਰੋਲ ਨਹੀਂ, ਜਦ ਕਿ ਉਸ ਦਾ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੋਕਾਂ ਦੁਆਰਾ ਦਿੱਤੇ ਗਏ ਸਰਕਾਰ ਬਣਾਉਣ ਦੇ ਹੁੰਗਾਰੇ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਧਿਆਨ ਸਿਰਫ਼ ਆਪਣੇ ਪਰਿਵਾਰ ਦੇ ਬਿਜ਼ਨੈਸ ਨੂੰ ਵਧਾਉਣ ‘ਤੇ ਲੱਗਾ ਹੋਇਆ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ‘ਤੇ ਰੇਤ ਮਾਫ਼ੀਆ ਨੂੰ ਸ਼ਰਨ ਦੇਣ ਅਤੇ ਹਰ ਬਿਜ਼ਨੈਸ ‘ਚ ਧੜੱਲੇਦਾਰੀ ਵਰਤਣ ਦੋ ਗੰਭੀਰ ਦੋਸ਼ ਵੀ ਲਗਾਏ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਨੂੰ ਮੰਦਹਾਲੀ ਵੱਲ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਖ਼ਜ਼ਾਨੇ ਦਾ ਹਾਲ ਏਨਾ ਮਾੜਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਜੁਲਾਈ ਮਹੀਨੇ ਦੀਆਂ ਤਨਖ਼ਾਹਾਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਰਿਜ਼ਰਵ ਬੈਂਕ ਆਫ਼ ਇੰਡੀਆ ਦੁਆਰਾ ਨਿਸ਼ਚਿਤ ਓਵਰ ਡਰਾਫ਼ਟ ਦੀ ਹੱਦ ਵੀ ਪੂਰੀ ਕਰ ਚੁੱਕੀ ਹੈ ਅਤੇ ਹੁਣ ਪੁੱਡਾ ਨੂੰ 1000 ਕਰੋੜ ਰੁਪਏ ਜਲਦ ਤੋਂ ਜਲਦ ਇੰਤਜ਼ਾਮ ਕਰਨ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕੈਬਨਿਟ ਮੀਟਿੰਗ ‘ਚ ਸਰਕਾਰ ਨੇ ਪੁੱਡਾ ਕੋਲੋਂ 1000 ਕਰੋੜ ਰੁਪਏ ਸੜਕਾਂ ਚੌੜੀਆਂ ਕਰਨ ਲਈ ਮੰਗਣ ਦਾ ਫ਼ੈਸਲਾ ਲਿਆ ਸੀ, ਪਰ ਹੁਣ ਇਹ ਫ਼ੈਸਲਾ ਕਰਮਚਾਰੀਆਂ ਦੀਆਂ ਤਨਖ਼ਾਹਾਂ ਦੇਣ ਲਈ ਵਰਤਿਆ ਜਾਵੇਗਾ।ਬਾਜਵਾ ਨੇ ਅੱਗੇ ਬੋਲਦਿਆਂ ਕਿਹਾ ਕਿ ਜਿੱਥੇ ਬਾਦਲ ਸਰਕਾਰ ‘ਤੇ ਵਾਧੂ ਟੈਕਸ ਲਗਾਉਣ ਦਾ ਦੋਸ਼ ਲਗਾਇਆ, ਜਿਸ ਮੁਤਾਬਕ 2000 ਕਰੋੜ ਰੁਪੈ ਦਾ ਵਾਧੂ ਭਾਰ ਆਮ ਜਨਤਾ ‘ਤੇ ਪਿਆ ਹੈ, ਉਥੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਦਰਾਂ ‘ਚ ਵਾਧਾ, ਬੱਸ ਕਿਰਾਏ ‘ਚ ਵਾਧਾ, ਅਸ਼ਟਾਮਾਂ ਦਾ ਮਹਿੰਗੇ ਹੋਣਾ, ਵੈਟ ਅਤੇ ਜਾਇਦਾਦ ਟੈਕਸ ਲਗਾਉਣਾ ਇਸ ਸਰਕਾਰ ਦੇ ਮੁੱਖ ਲੋਕ ਵਿਰੋਧੀ ਫ਼ੈਸਲੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵੱਧ ਟੈਕਸ ਅਤੇ ਕਮਜ਼ੋਰ ਆਰਥਿਤ ਢਾਂਚੇ ਕਾਰਨ ਸੂਬੇ ‘ਚੋਂ ਵੱਡੇ ਸਨਅਤਕਾਰ ਬਾਹਰ ਦੂਜੇ ਰਾਜਾਂ ਵੱਲ ਦੌੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਹਮੇਸ਼ਾਂ ਹੀ ਮੁੱਖ ਮੁੱਦਿਆਂ ‘ਤੇ ਇਸ ਸਰਕਾਰ ਤੇ ਬਾਦਲ ਪਰਿਵਾਰ ਨੂੰ ਨੰਗਿਆ ਕੀਤਿਆ ਹੈ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੂਬੇ ‘ਚੋਂ 274 ਵੱਡੇ ਸਨਅਤ ਅਦਾਰੇ ਪੰਜਾਬ ‘ਚੋਂ ਪਿਛਲੇ ਦਿਨੀਂ ਬਾਹਰ ਗਏ ਹਨ।ਕਾਂਗਰਸ ਪ੍ਰਧਾਨ ਨੇ ਸੂਬਾ ਸਰਕਾਰ ‘ਤੇ ਹੜ੍ਹਾਂ ਦੀ ਸਥਿਤੀ ਨਾਲ ਜੂਝ ਰਹੇ ਲੋਕਾਂ ਪ੍ਰਤੀ ਯੋਗ ਕਦਮ ਨਾ ਉਠਾਏ ਜਾਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ 25 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ।ਬਾਜਵਾ ਤੋਂ ਇਲਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦ ਮੀਤ ਪ੍ਰਧਾਨ ਓ.ਪੀ. ਸੋਨੀ, ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਫ਼ਤਿਹਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ, ਸਰਦੂਲ ਸਿੰਘ, ਰਣਜੀਤ ਸਿੰਘ ਛੱਜਲਵੱਡੀ, ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਗੁਰਚੇਤ ਸਿੰਘ ਭੁੱਲਰ, ਹਰਮਿੰਦਰ ਸਿੰਘ ਜੱਸੀ, ਧਰਮਪਾਲ ਅਗਨਹੋਤਰੀ, ਸੁਖਦੇਵ ਸਿੰਘ ਸ਼ਹਿਬਾਜਪੁਰੀ, ਹਰਪ੍ਰਤਾਪ ਸਿੰਘ ਅਜਨਾਲਾ, ਵਿਕਾਸ ਸੋਨੀ, ਸੁਨੀਲ ਦੱਤੀ, ਜੁਗਲ ਕਿਸ਼ੋਰ ਸ਼ਰਮਾ ਅਤੇ ਇੰਦਰਜੀਤ ਸਿੰਘ ਜ਼ੀਰਾ ਨੇ ਵੀ ਸੰਬੋਧਨ ਕੀਤਾ।