ਤਲਵੰਡੀ ਸਾਬੋ, 14 ਮਾਰਚ (ਰਾਮ ਰੇਸ਼ਮ ਨਥੇਹਾ)- ਭਾਂਵੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਭਾਰੀ ਬਹੁਮਤ ਦਿੰਦਿਆਂ ਉਨ੍ਹਾਂ ਦੀ ਸਰਕਾਰ ਬਣਾ ਦਿੱਤੀ ਹੈ ਪ੍ਰੰਤੂ ਅਜੇ ਸਰਕਾਰ ਵਜੂਦ ਵਿੱਚ ਵੀ ਨਹੀ ਆਈ ਕਿ 10 ਸਾਲ੍ਹ ਤੱਕ ਸੱਤਾ ਤੋਂ ਦੂਰ ਰਹਿਣ ਵਾਲੇ ਕਾਂਗਰਸੀ ਆਗੂਆਂ ਨੂੰ ਕੁਰਸੀਆਂ ਤੋਂ ਦੂਰ ਰਹਿਣਾ ਇੰਨਾ ਔਖਾ ਹੋ ਗਿਆ ਕਿ ਹਲਕਾ ਤਲਵੰਡੀ ਸਾਬੋ ਦੀ ਵਪਾਰਕ ਮੰਡੀ ਰਾਮਾਂ ਮੰਡੀ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਹਾਸਿਲ ਕਰਨ ਦੀ ਦੌੜ ਵਿੱਚ ਵਾਪਰੀ ਹਿੰਸਕ ਘਟਨਾ ਦੌਰਾਨ ਜਿੱਥੇ ਰੱਜ ਕੇ ਫਾਇੰਰਿੰਗ ਹੋਣ ਦੀਆਂ ਖਬਰਾਂ ਮਿਲੀਆਂ ਹਨ ਉੱਥੇ ਯੂਨੀਅਨ ਤੇ ਆਪਣਾ ਪ੍ਰਧਾਨ ਬੈਠਾਉਣ ਆਏ ਇੱਕ ਧੜੇ ਦੀਆਂ ਗੱਡੀਆਂ ਦੀ ਭੰਨਤੋੜ ਦੀ ਵੀ ਖਬਰ ਹੈ। ਭਾਂਵੇ ਕੈਪਟਨ ਅਮਰਿੰਦਰ ਸਿੰਘ ਨੇ ਅਜੇ 16 ਮਾਰਚ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਹੈ ਤੇ ਉਸਤੋਂ ਬਾਦ ਹੀ ਕਾਂਗਰਸੀ ਸਰਕਾਰ ਹੋਂਦ ਵਿੱਚ ਆਵੇਗੀ ਪ੍ਰੰਤੂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਕਾਂਗਰਸੀਆਂ ਨੇ ਅਹੁਦਿਆਂ ਨੂੰ ਲੈ ਕੇ ਛਿੱਤਰੀਂ ਦਾਲ ਵੰਡਣੀ ਸ਼ੁਰੂ ਕਰ ਦਿੱਤੀ ਹੈ।ਇੱਕ ਪਾਸੇ ਜਿੱਥੇ ਪੰਜਾਬ ਦੇ ਭਾਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਹਲਕਾ ਇੰਚਾਰਜ ਨਾਂ ਦੀ ਕੋਈ ਪੋਸਟ ਨਹੀ ਹੋਵੇਗੀ ਉੱਥੇ ਤਲਵੰਡੀ ਸਾਬੋ ਦੇ ਕਾਂਗਰਸ ਦੇ ਪਹਿਲਾਂ ਤੋਂ ਹੀ ਬਣੇ ਹੋਏ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਕਾਂਗਰਸੀ ਆਗੂ ਸੰਦੀਪ ਭੁੱਲਰ ਨੇ ਬੀਤੇ ਦਿਨ ਰਾਮਾਂ ਮੰਡੀ ਦੀ ਟਰੱਕ ਯੂਨੀਅਨ ਵਿੱਚ ਪੁੱਜ ਕੇ ਉੱਥੇ ਯੂਨੀਅਨ ਨੂੰ ਚਲਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਪ੍ਰੰਤੂ ਵਿਵਾਦ ਉਦੋਂ ਹੋ ਗਿਆ ਜਦੋਂ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ ਮੇਜਰ ਅਮਰਦੀਪ ਸਿੰਘ ਦਾ ਅਤਿ ਨਜਦੀਕੀ ਦੱਸਣ ਵਾਲੇ ਇੱਕ ਟਰਾਂਸਪੋਰਟਰ ਗੁਰਵਿੰਦਰ ਸਿੰਘ (ਸੋਨੂੰ ਤਰਮਾਲਾ) ਨੇ ਉਕਤ ਨਿਯੁਕਤੀਆਂ ਤੇ ਇਤਰਾਜ ਲਾਂਉਦਿਆਂ ਹਲਕਾ ਇੰਚਾਰਜ ਦੀ ਧਿਰ ਨੂੰ ਵੰਗਾਰਦਿਆਂ ਪ੍ਰਧਾਨਗੀ ਤੇ ਦਾਅਵਾ ਠੋਕ ਦਿੱਤਾ। ਪ੍ਰਤੱਖਦਰਸ਼ੀਆਂ ਅਨੁਸਾਰ ਇੱਕ ਵਾਰ ਤਾਂ ਗੁਰਵਿੰਦਰ ਸਿੰਘ ਯੂਨੀਅਨ ਵਿੱਚੋਂ ਚਲਾ ਗਿਆ ਪ੍ਰੰਤੂ ਬਾਦ ਵਿੱਚ ਉਹ ਵੱਡੀ ਗਿਣਤੀ ਸਾਥੀਆਂ ਨੂੰ ਨਾਲ ਲੈ ਕੇ ਜਿਨ੍ਹਾਂ ਕੋਲ ਅਸਲ੍ਹਾ ਤੇ ਮਾਰੂ ਹਥਿਆਰ ਦੱਸੇ ਜਾਂਦੇ ਹਨ ਨਾਲ ਦੁਬਾਰਾ ਟਰੱਕ ਯੂਨੀਅਨ ਵਿੱਚ ਆ ਕੇ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਜਿਸਦੇ ਅੱਕੇ ਟਰੱਕ ਆਪ੍ਰੇਟਰਾਂ ਤੇ ਉਕਤ ਧਿਰ ਵਿੱਚ ਲੜਾਈ ਹੋ ਗਈ ਜਿਸ ਵਿੱਚ ਗੁਰਵਿੰਦਰ ਸਿੰਘ ਦੀ ਗੱਡੀ ਦਾ ਵੀ ਭਾਰੀ ਨੁਕਸਾਨ ਹੋਇਆ ਤੇ ਇਸ ਦੌਰਾਨ ਫਾਇਰਿੰਗ ਹੋਣ ਦੀਆਂ ਵੀ ਖਬਰਾਂ ਹਨ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾਂ ਮੁਖੀ ਰਣਬੀਰ ਸਿੰਘ ਘਟਨਾ ਸਥਾਨ ਤੇ ਪੁੱਜੇ ਤੇ ਬਾਦ ਵਿੱਚ ਡੀ.ਐੱਸ.ਪੀ ਤਲਵੰਡੀ ਸਾਬੋ ਵੀ ਪਹੁੰਚ ਗਏ। ਉਕਤ ਘਟਨਾ ਤੋਂ ਦੁਖੀ ਟਰੱਕ ਆਪ੍ਰੇਟਰਾਂ ਨੇ ਥਾਣੇ ਮੂਹਰੇ ਧਰਨਾ ਲਾ ਦਿੱਤਾ ਤੇ ਆਖੀਰ ਪੁਲਿਸ ਨੇ ਟਰੱਕ ਯੂਨੀਅਨ ਦੀ ਕਮੇਟੀ ਦੇ ਨਵੇਂ ਬਣਾਏ ਮੈਂਬਰ ਰਮੇਸ਼ ਕੁਮਾਰ ਰਾਮਾਂ ਦੇ ਬਿਆਨਾਂ ਤੇ ਗੁਰਵਿੰਦਰ ਸਿੰਘ ਰਾਮਾਂ ਮੰਡੀ ਤੇ ਉਸਦੇ ਛੇ ਸਾਥੀਆਂ ਤੇ ਨਾਵਾਂ ਸਮੇਤ ਅਤੇ ਇੱਕ ਅਣਪਛਾਤੇ ਵਿਅਕਤੀ ਤੇ ਇਰਾਦਾ ਕਤਲ ਦੀ ਧਾਰਾ 307 ਤਹਿਤ ਵੱਖ ਵੱਖ ਸੰਗੀਨ ਧਾਰਾਵਾਂ ਤਹਿਤ ਰਾਮਾਂ ਮੰਡੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ।ਸੂਤਰਾਂ ਮੁਤਾਬਿਕ ਪੁਲਿਸ ਨੇ ਇਨ੍ਹਾਂ ਵਿੱਚੋਂ 6 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।ਉਕਤ ਘਟਨਾ ਤੋਂ ਬਾਦ ਜਿੱਥੇ ਸਮੁੱਚੇ ਸ਼ਹਿਰ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਉੱਥੇ ਦੱਬੀ ਜੁਬਾਨ ਵਿੱਚ ਕੁਝ ਸ਼ਹਿਰੀਆਂ ਨੇ ਕਿਹਾ ਕਿ ਅਹੁਦਿਆਂ ਪਿੱਛੇ ਸਰਕਾਰ ਬਨਣ ਤੋਂ ਪਹਿਲਾਂ ਹੀ ਜੇ ਅਜਿਹੀਆਂ ਹਿੰਸਕ ਘਟਨਾਵਾਂ ਵਾਪਰਨ ਲੱਗ ਗਈਆਂ ਹਨ ਤਾਂ ਭਵਿੱਖ ਕਿਹੋ ਜਿਹਾ ਹੋਵੇਗਾ ਇਸਦਾ ਅੰਦਾਜਾ ਲਾਉਣਾ ਮੁਸ਼ਕਿਲ ਨਹੀਂ ਹੋਵੇਗਾ।
ਕਾਂਗਰਸ ਸਰਕਾਰ ਦੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਹੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹਿੰਸਕ ਟਕਰਾਅ



