ਪ੍ਰਭਾਵ ਹੇਠਲੇ ਹਲਕਿਆਂ ’ਚ ਉਨ੍ਹਾਂ ਦੇ ਹਮਾਇਤੀਆਂ ਨੇ ਕਾਂਗਰਸੀ ਉਮੀਦਵਾਰਾਂ ਦੀ ਕੀਤੀ ਸਹਾਇਤਾ
ਚੰਡੀਗੜ੍ਹ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਅਤੇ 10 ਸਾਲ ਤੋਂ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਦੀ ਕਰਾਰੀ ਹਾਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਖੰਡ ਅਕਾਲੀ ਦਲ ਦੇ ਮੁਖੀ ਸ. ਰਵੀਇੰਦਰ ਸਿੰਘ ਦੀ ਵੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਕਾਰਨ ਕੱਟੜ ਸਿੱਖਾਂ ਅਤੇ ਸਿੱਖ ਡੇਰਿਆਂ ਦੀ ਵੋਟ ਅਕਾਲੀ ਦਲ ਦੀ ਥਾਂ ਕਾਂਗਰਸ ਨੂੰ ਮਿਲੀ ਹੈ।
ਸੰਤ ਸਮਾਜ ਦੇ ਇੱਕ ਵੱਡੇ ਹਿੱਸੇ ਅਤੇ ਪੰਥਕ ਧਿਰਾਂ ਦੇ ਰਲੇਵੇਂ ਤੋਂ ਬਾਅਦ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਅਖੰਡ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਇਸ ਦੀ ਅਗਵਾਈ ਸਰਬਸੰਮਤੀ ਨਾਲ ਸ. ਰਵੀਇੰਦਰ ਸਿੰਘ ਨੂੰ ਸੌਂਪੀ ਗਈ। ਉਨ੍ਹਾਂ ਦੀ ਅਗਵਾਈ ਹੇਠਲਾ ਅਕਾਲੀ ਦਲ 1920 ਭੰਗ ਕਰ ਕੇ ਅਖੰਡ ਅਕਾਲੀ ਦਲ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਸੀ। ਸ. ਰਵੀਇੰਦਰ ਸਿੰਘ ਦੀ ਅਗਵਾਈ ਹੇਠ ਅਖੰਡ ਅਕਾਲੀ ਦਲ ਨੇ ਖੁਦ ਚੋਣ ਲੜਣ ਦੀ ਥਾਂ ਬਾਦਲ ਦਲ ਨੂੰ ਹਰਾਉਣ ਲਈ ਇੱਕ ਕਾਰਗਰ ਨੀਤੀ ਤਿਆਰ ਕੀਤੀ, ਜਿਸ ਤਹਿਤ ਆਪਣੇ ਹਮਾਇਤੀਆਂ ਖਾਸ ਕਰਕੇ ਕੱਟੜ ਸਿੱਖਾਂ ਅਤੇ ਸਿੱਖ ਡੇਰਿਆਂ ਦੇ ਹਮਾਇਤਿਆਂ ਨੂੰ ਬਾਦਲ ਦਲ ਦੇ ਵਿਰੋਧ ਵਿੱਚ ਤੋਰਿਆ ਗਿਆ। ਇਸ ਦਾ ਚੋਣਾਂ ਵਿੱਚ ਬਾਦਲ ਦਲ ਨੂੰ ਭਾਰੀ ਨੁਕਸਾਨ ਹੋਇਆ। ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਇਸ ਨਾਲ ਬਾਦਲ ਦਲ ਤੋਂ ਟੁੱਟ ਕੇ ਕਾਂਗਰਸ ਨੂੰ ਹਮਾਇਤ ਦੇ ਦਿੱਤੀ। ਸ. ਰਵੀਇੰਦਰ ਸਿੰਘ ਨੇ ਇਹ ਨੀਤੀ ਇਸ ਲਈ ਬਣਾਈ ਗਈ ਸੀ ਕਿਉਂਕਿ ਬਾਦਲ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 100 ਤੋਂ ਵਧ ਥਾਵਾਂ ’ਤੇ ਬੇਅਦਬੀ ਹੋਈ ਅਤੇ ਨਸ਼ਿਆਂ ਕਾਰਨ ਪੰਜਾਬ ਬਰਬਾਦ ਹੋ ਗਿਆ। ਸ. ਰਵੀਇੰਦਰ ਸਿੰਘ ਨੇ ‘ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਤੌਰ ’ਤੇ ਗੱਲ ਕਰਦੇ ਹੋਏ ਦੱਸਿਆ ਕਿ ਅਖੰਡ ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਹੀ ਇਹ ਨੀਤੀ ਬਣਾ ਲਈ ਸੀ ਕਿ ਜੇਕਰ ਖੁਦ ਜਿੱਤਣ ਦੀ ਸਥਿਤੀ ਵਿੱਚ ਨਹੀਂ ਹਾਂ ਤਾਂ ਘੱਟੋ-ਘੱਟ ਪੰਥ ਅਤੇ ਪੰਜਾਬ ਵਿਰੋਧੀ ਨੀਤੀਆਂ ’ਤੇ ਚੱਲ ਰਹੇ ਬਾਦਲ ਦਲ ਨੂੰ ਸੱਤਾ ਵਿੱਚੋਂ ਬਾਹਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਅਤੇ ਸਿੱਖ ਭਾਈਚਾਰਾ ਬਾਦਲ ਦਲ ਨੂੰ ਕਿਸੇ ਵੀ ਕੀਮਤ ’ਤੇ ਮੁੜ ਸੱਤਾ ਵਿੱਚ ਆਉਣ ਦੇਣ ਲਈ ਤਿਆਰ ਨਹੀਂ ਸੀ। ਇਨ੍ਹਾਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਹੀ ਉਨ੍ਹਾਂ ਨੇ ਬਾਦਲ ਦਲ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਣ ਲਈ ਪਹਿਲਾਂ ਆਪਣਾ ਧੜਾ ਭੰਗ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਅਖੰਡ ਅਕਾਲੀ ਦਲ ਬਣਾਇਆ ਅਤੇ ਬਾਅਦ ਵਿੱਚ ਚੰਗੇ ਉਮੀਦਵਾਰਾਂ ਅਤੇ ਮਜ਼ਬੂਤ ਕਾਂਗਰਸੀ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ। ਇਸ ਰਣਨੀਤੀ ਵਿੱਚ ਸੰਤ ਸਮਾਜ ਦੀ ਕਾਫੀ ਅਹਿਮ ਭੂਮਿਕਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸ. ਰਵੀਇੰਦਰ ਸਿੰਘ ਨਿੱਜੀ ਤੌਰ ’ਤੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਸ. ਅਮਰਿੰਦਰ ਸਿੰਘ ਦੇ ਬਹੁਤ ਨੇੜਲੇ ਦੋਸਤ ਹਨ। ਉਨ੍ਹਾਂ ਨੇ ਪੰਥਕ ਰਾਜਨੀਤੀ ਵਿੱਚ ਵੀ ਲੰਮਾ ਸਮਾਂ ਇਕੱਠਿਆਂ ਬਿਤਾਇਆ ਹੈ। ਹੁਣ ਨਵੇਂ ਹਾਲਾਤਾਂ ਵਿਚ ਸ. ਰਵੀਇੰਦਰ ਸਿੰਘ ਅਤੇ ਉਨ੍ਹਾਂ ਦੀ ਅਗਵਾਈ ਹੇਠਲੇ ਅਖੰਡ ਅਕਾਲੀ ਦਲ ਦੀ ਪੰਥਕ ਰਾਜਨੀਤੀ ਵਿੱਚ ਭੁਮਿਕਾ ਕਾਫੀ ਅਹਿਮ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਉਹ ਇਸ ਸਬੰਧੀ ਨਵੀਆਂ ਪਹਿਲਕਦਮੀਆਂ ਲੈ ਸਕਦੇ ਹਨ। ਬਾਦਲ ਦਲ ਦੇ ਵਿੱਚ ਬੈਠੇ ਵੱਡੀ ਗਿਣਤੀ ਵਿੱਚ ਆਗੂ ਸ. ਰਵੀਇੰਦਰ ਸਿੰਘ ਦੀ ਸਿਆਸੀ ਕਾਰਜਸ਼ੈਲੀ ਨੂੰ ਬਹੁਤ ਪਸੰਦ ਕਰਦੇ ਹਨ। ਬਾਦਲ ਦਲ ਦੇ ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਇੱਕ ਹਿੱਸਾ ਸ. ਰਵੀਇੰਦਰ ਸਿੰਘ ਦੇ ਸੰਪਰਕ ਵਿੱਚ ਦੱਸਿਆ ਜਾਂਦਾ ਹੈ।
ਸ. ਰਵੀਇੰਦਰ ਸਿੰਘ ਦੀ ਅਗਵਾਈ ਹੇਠ ਅਖੰਡ ਅਕਾਲੀ ਦਲ ਨੇ ਵੀ ਬਾਦਲ ਦਲ ਦੀ ਹਾਰ ’ਚ ਨਿਭਾਈ ਅਹਿਮ ਭੂਮਿਕਾ



