ਕੋਟਕਪੂਰਾ, 28 ਫ਼ਰਵਰੀ (ਚਰਨਦਾਸ ਗਰਗ, ਸਤਨਾਮ ਸਿੰਘ)- ਕੈਂਸਰ ਦੀ ਰੋਕਥਾਮ, ਵਾਤਾਵਰਨ ਤੇ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਯਤਨਸ਼ੀਲ ਜਥੇਬੰਦੀ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ 3 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਤੋਂ 2 ਵਜੇ ਤੱਕ ਆਡੀਟੋਰੀਅਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਸਨਮਾਨ ਸਮਾਰੋਹ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਉਕਤ ਸਮਾਗਮ ਸਬੰਧੀ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਦਰਸ਼ਨ ਸਿੰਘ ਮੰਡ, ਮਹੀਪਇੰਦਰ ਸਿੰਘ ਸੇਖੋਂ, ਬਿੰਦਰ ਸਿੰਘ ਗੋਲੇਵਾਲਾ ਤੇ ਰਜਿੰਦਰ ਸਿੰਘ ਬਰਾੜ ਆਦਿ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਮੁੱਖ ਮਹਿਮਾਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ.ਰਾਜ ਬਹਾਦਰ ਉੱਪ ਕੁਲਪਤੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਅਤੇ ਮਾਲਵਿੰਦਰ ਸਿੰਘ ਜੱਗੀ ਡਿਪਟੀ ਕਮਿਸ਼ਨਰ ਸ਼ਮੂਲੀਅਤ ਕਰਨਗੇ। ਚਰਨਜੀਤ ਸਿੰਘ, ਹਰਵਿੰਦਰ ਸਿੰਘ, ਦਲੇਰ ਸਿੰਘ ਡੋਡ, ਹਰਫੂਲ ਸਿੰਘ ਗਿੱਲ, ਜਗਜੀਵਨ ਸਿੰਘ ਸਰਾਫ਼, ਡਾ.ਗੁਰਿੰਦਰ ਮੋਹਨ ਸਿੰਘ ਅਨੁਸਾਰ ਸਮਾਗਮ ਦੌਰਾਨ ਡਾ.ਹਰਜੀਤ ਸਿੰਘ ਧਾਲੀਵਾਲ ਡਾਇਰੈਕਟਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਡਾ.ਹਰਜਿੰਦਰ ਸਿੰਘ ਵਾਲੀਆ ਪੱਤਰਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ.ਬਲਜਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ, ਡਾ.ਜਗਦੀਸ਼ ਗਰੋਵਰ ਡਾਇਰੈਕਟਰ ਖੇਤੀ ਵਿਗਿਆਨ ਕੇਂਦਰ ਫ਼ਰੀਦਕੋਟ ਅਤੇ ਜਗਦੀਪ ਸਿੰਘ ਕਨੋਈ ਅਗਾਹਵਧੂ ਕਿਸਾਨ ਪਾਰਲੀ ਅਤੇ ਨਾੜ ਸਾਂਭਣ ਸਬੰਧੀ ਤਕਨੀਕਾਂ ਤੇ ਮਸ਼ੀਨਰੀ ਬਾਰੇ ਜਾਣਕਾਰੀ ਦੇਣਗੇ। ਜਸਵੀਰ ਸਿੰਘ ਸੁਖੀਜਾ, ਰਾਜਪਾਲ ਸਿੰਘ ਹਰਦਿਆਲੇਆਣਾ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸੰਧੂ, ਵਜਿੰਦਰ ਵਿਨਾਇਕ ਮੁਤਾਬਕ ਗੀਤਕਾਰ ਹਰਿੰਦਰ ਸੰਧੂ, ਗਿੱਲ ਹਰਦੀਪ ਤੇ ਮੱਖਣ ਬਰਾੜ ਮੱਲਕੇ ਵੀ ਉਚੇਚੇ ਤੌਰ ’ਤੇ ਪਹੁੰਚ ਰਹੇ ਹਨ ਅਤੇ ਉੱਘੇ ਨਾਟਕਕਾਰ ਗੁਰਚੇਤ ਚਿੱਤਰਕਾਰ ਵੀ ਆਪਣੀ ਹਾਜ਼ਰੀ ਲਵਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਬੀਰ ਸਿੰਘ ਸੰਧਵਾਂ, ਬਲਦੀਪ ਸਿੰਘ ਰੋਮਾਣਾ, ਅਰਨਜੀਤ ਸਿੰਘ, ਮਹਿੰਦਰ ਸਿੰਘ ਸੈਣੀ, ਮਨਜੀਤ ਸਿੰਘ ਔਲਖ, ਸੁਖਮੰਦਰ ਸਿੰਘ, ਜਗਜੀਤ ਸਿੰਘ, ਬੂਟਾ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਾਨ ਮੌੜ ਆਦਿ ਵੀ ਹਾਜ਼ਰ ਸਨ।



