Skip to content
Independent perspectives. Global stories.
BREAKING

ਨਵੀਂ ਸੜਕ,ਇੱਕ ਟਰੱਕ ਉੱਠ ਕੇ ਤੁਰਿਆ ਦੂਜਾ ਉਸੇ ਥਾਂ ‘ਤੇ ਧਸਿਆ

Share this story

ਭਦੌੜ, 19 ਅਗਸਤ (ਜਗਸੀਰ ਜੱਗੀ)-ਭਦੌੜ ਕਸਬੇ ਦੇ ਵਿਕਾਸ ਲਈ ਮਿਲੀ ਕਰੋੜਾਂ ਰੁਪਏ ਦੀ ਗਰਾਂਟ ਨਾਕਸ ਮਿਊਂਸਪਲ ਪ੍ਰਸ਼ਾਸ਼ਨ ਅਤੇ ਠੇਕੇਦਾਰਾਂ ਦੇ ਭਰਿਸਟ ਹਿੱਤਾਂ ਦੀ ਭੇਂਟ ਚੜ੍ਹ ਗਈ ਹੈ। ਫਿਰਨੀ ਦੀ ਸੜਕ ਅਤੇ ਸੀਵਰੇਜ਼ ਦਾ ਕੰਮ ਚਲਦਾ ਹੋਣ ਕਾਰਨ ਸਾਲਾਂਬਧੀ ਧੂੜ ਫੱਕਦੇ ਰਹੇ ਅਤੇ ਕਿੰਨੇ  ਹੀ ਹਾਦਸਿਆਂ ਦੇ ਸ਼ਿਕਾਰ ਹੋਏ ਲੋਕ ਸਾਰੀ ਗਰਾਂਟ ਦੇ ਥੱਪੇ ਜਾਣ ਤੋਂ ਬਾਦ ਹਾਲੇ ਵੀ ਨਿੱਤ ਕੋਈ ਨਵਾਂ ਹਾਦਸਾ ਵੇਖਦੇ ਹਨ। ਜਦ ਵੀ ਕੋਈ ਬਾਹਰਲਾ ਵਾਹਨ ਭਦੌੜ ਦੀ ਜੂਹ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਉੱਤੋਂ ਨਵੀਂ ਨਵੀਂ ਸੜਕ  ਵੇਖ ਕੇ ਡਰਾਈਵਰ ਦਾ ਮੱਲੋ-ਮੱਲੀ ਰੇਸ  ਤੇ ਪੈਰ ਜਾ ਟਿਕਦਾ ਹੈ ਤੇ ਸੜਕ ਦੇ ਦਬ ਜਾਣ ਕਾਰਨ ਨੇੜੇ ਹੀ ਧੜੰਮ ਹੋ ਜਾਂਦਾ ਹੈ।
truck
ਪਿੱਛਲੇ ਮਹੀਨਿਆਂ ਵਿੱਚ ਦਰਜਨਾਂ ਵਾਹਨ ਬਰਨਾਲ਼ਾ-ਬਾਜਾਖਾਨਾ ਰੋਡ ਅਤੇ ਫਿਰਨੀ ਤੇ ਕਈ ਭਿਆਨਕ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ ਦੀਆਂ ਹਰ ਹਫ਼ਤੇ ਖਬਰਾਂ ਛਪਦੀਆਂ ਹਨ ਪ੍ਰੰਤੂ ਸਰਕਾਰ ਦੇ ਕੰਨ ਤੇ ਹਾਲੇ ਤੀਕ  ਜੂੰ ਨਹੀਂ ਸਰਕੀ। ਬੀਤੀ ਕੱਲ੍ਹ ਮਿਉਂਸਪਲ ਕਮੇਟੀ ਦੇ ਦਫਤਰ ਦੇ ਅੇਨ ਨੱਕ ਹੇਠਾਂ ਇੱਕ ਹੈਵੀ ਟਰੱਕ, ਸੜਕ ਦੇ ਦਬ ਜਾਣ ਕਾਰਨ ਪਲ਼ਟ ਗਿਆ।ਇਹ ਖਬਰ ਲਿਖਦੇ ਲਿਖਦੇ  ਸਾਡੇ ਪੱਤਰਕਾਰ ਨੂੰ ਫੋਨ ਤੇ ਕੋਈ ਦੱਸ  ਰਿਹਾ ਹੈ ਕਿ ਪਹਿਲਾ ਟਰੱਕ ਉੱਠ ਕੇ ਚਲਾ  ਗਿਆ ਹੈ ਤੇ ਇੱਕ ਹੋਰ ਟਰੱਕ ਉਸੇ ਥਾਂ ਤੇ ਪਲ਼ਟ ਗਿਆ ਹੈ।ਇਸ ਥਾਂ ਤੋਂ ਦੋ ਸੌ ਮੀਟਰ ਦੇ ਘੇਰੇ ਵਿੱਚ ਪਿਛਲੇ ਤਿੰਨ ਹਫ਼ਤਿਆਂ ਵਿੱਚ ਅਜਿਹੇ ਚਾਰ ਹਾਦਸੇ ਹੋ ਚੁੱਕੇ ਹਨ ਤੇ ਹਰ ਵਾਰੀ ਲੋਕੀ ਵਿਚਾਰੇ ਏਨਾ ਕਹਿ ਕੇ ਹਾਦਸੇ  ਨੂੰ ਲੰਘਾ ਲੈਂਦੇ ਹਨ ਕਿ ‘ਚਲੋ ਖੇਰ  ਕੋਈ ਬੰਦਾ ਮਰਨੋਂ ਬਚ ਗਿਆ’। ਭਦੌੜ ਦਾ ਇਹ ਵਿਕਾਸ ਕਿਸੇ ਪਰਿਵਾਰ ਦੇ ਵਿਹੜੇ  ਸੱਥਰ ਵਿਛਾਉਣ ਦਾ ਕਦੇ ਵੀ ਸਬੱਬ ਬਣ ਸਕਦਾ ਹੈ।ਗਰਾਂਟਾਂ ਡਕਾਰ ਚੁੱਕੇ ਨੇਤਾ ਅਤੇ ਠੇਕੇਦਾਰ  ਸਰਕਾਰੇ-ਦਰਬਾਰੇ ਰਸੂਖ਼ ਨੂੰ ਮਾਣ ਰਹੇ ਹਨ।ਲੋਕ ਮਸਲਿਆਂ ਤੇ ਸੰਘਰਸ਼ ਕਰਨ ਵਾਲ਼ੀਆਂ ਇੱਥੋਂ ਦੀਆਂ ਜਥੇਬੰਦੀਆਂ ਨੇ ਵੀ ਹਾਲੇ ਤੀਕ ਇਸ  ਮਾਮਲੇ ਦਾ ਕੋਈ ਨੋਟਿਸ ਨਹੀਂ ਲਿਆ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਗੁਰਮੇਲ ਸਿੰਘ ਭੁਟਾਲ ਅਤੇ ਬੀ ਕੇ ਯੂ ਦੇ ਆਗਆ ਕੁਲਵੰਤ ਮਾਨ, ਕਰਮਜੀਤ ਸਿੰਘ ਮਾਨ, ਬਲਵੀਰ ਮਾਨ ਆਦਿ ਆਗੂਆਂ ਨੇ ਨਿੱਤ ਵਾਪਰਦੇ ਇਹਨਾਂ ਹਾਦਸਿਆਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ  ਕੀਤੀ ਹੈ ਕਿ ਗਰਾਂਟ ਦੀ ਵਰਤੋਂ ਕਰਦਿਆਂ ਸੀਵਰੇਜ਼ ਅਤੇ ਸੜਕ ਨਿਰਮਾਣ ਦੇ ਕੰਮ ਵਿੱਚ ਕੋਤਾਹੀਆਂ ਦੀ ਉੱਚ-ਪੱਧਰੀ ਜਾਂਚ ਕਰ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਅਤੇ ਕਸਬੇ ਦੇ ਲੋਕਾਂ ਦੀ ਸਹੂਲਤ ਲਈ ਬਦਲਵਾਂ ਪ੍ਰਬੰਧ ਜਲਦੀ ਕੀਤਾ ਜਾਵੇ।

WRITTEN BY