ਗੁਰਦਾਸ ਮਾਨ ਆਪਣੇ ਪੁੱਤਰ ਗੁਰਇੱਕ ਮਾਨ ਨਾਲ ਫੇਸਬੁੱਕ ’ਤੇ ਪਹਿਲੀ ਵਾਰ ਲਾਇਵ ਰੂਬਰੂ
ਚੰਡੀਗੜ੍ਹ, 21 ਫਰਵਰੀ- ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਗੀਤਾਂ ਰਾਹੀਂ ਬਾਖੂਬੀ ਪੇਸ਼ ਕਰਨ ’ਚ ਮਾਹਿਰ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗਾਇਕ ਗੁਰਦਾਸ ਮਾਨ ਨੇ ਬੀਤੇ ਕੱਲ ਫੇਸਬੁੱਕ ’ਤੇ ਪਹਿਲੀ ਵਾਰ ਆਪਣੇ ਚਾਹੁਣ ਵਾਲਿਆਂ ਨੂੰ ਲਾਈਵ ਇੰਟਰਵੀਊ ਦਿੱਤਾ।ਇਸ ਲਾਈਵ ਇੰਟਰਵੀਊ ’ਚ ਮਾਨ ਸਾਹਿਬ ਦੇ ਨਾਲ ਉਨ੍ਹਾਂ ਦੇ ਪੁੱਤਰ ਗੁਰਇੱਕ ਮਾਨ ਵੀ ਮੌਜੂਦ ਸਨ।ਹਾਲ ਹੀ ਉਨ੍ਹਾਂ ਦੇ ਰਿਲੀਜ਼ ਹੋਏ ਗੀਤ ‘ਪੰਜਾਬ‘ ਨੂੰ ਦਰਸ਼ਕਾਂ ਵੱਲੋਂ ਮਿਲੇ ਅਥਾਹ ਪਿਆਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਬੇਇੰਤਹਾ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਸਾਹਮਣੇ ਰੂਬਰੂ ਹੋਣ ਦਾ ਮੁੱਖ ਕਾਰਨ ਉਨ੍ਹਾਂ ਦਾ ਪੁੱਤਰ ਗੁਰਇੱਕ ਮਾਨ ਹੈ ਜਿਸ ਦੇ ਭਵਿੱਖ ਨੂੰ ਲੈ ਕੇ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸਨ। ਗੁਰਦਾਸ ਮਾਨ ਨੇ ਆਪਣੇ ਦਿਲ ਦੇ ਵਰਕੇ ਖੋਲ੍ਹਦਿਆਂ ਕਿਹਾ ਕਿ ਗੁਰਇੱਕ ਮਾਨ ਨੂੰ ਹਾਲਾਂਕਿ ਆਪਣੇ ਆਪ ‘ਤੇ ਭਰੋਸਾ ਸੀ ਕਿ ਉਹ ਕਦੇ ਨਾ ਕਦੇ ਆਪਣੀ ਕਾਬਲਿਅਤ ਜ਼ਰੂਰ ਸਾਬਿਤ ਕਰੇਗਾ। ਗੁਰਇੱਕ ਮਾਨ ਨੇ ‘ਪੰਜਾਬ‘ ਗੀਤ ਨੂੰ ਇੱਕ ਢੁੱਕਵੇਂ ਅਤੇ ਨਵੇਕਲੇ ਢੰਗ ਨਾਲ ਪੇਸ਼ ਕਰਕੇ ਮੇਰੇ ਦਿਲ ਨੂੰ ਤਸੱਲੀ ਦਿੱਤੀ ਹੈ।
ਗੁਰਦਾਸ ਮਾਨ ਨੇ ਗੀਤ ‘ਪੰਜਾਬ‘ ਬਾਰੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਮੇਰੀ ਅੱਖਾਂ ‘ਚੋਂ ਹੰਝੂ ਕਢਾ ਦੇਣ ਵਾਲੇ ਇਸ ਗੀਤ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਸ. ਮਾਨ ਨੇ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰ ਸਕਦੇ ਹਨ।ਇਸ ਮੌਕੇ ਗੁਰਇੱਕ ਮਾਨ ਨੇ ਕਿਹਾ ਕਿ ਮੈਂ ਪਿਛਲੇ 6 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ ਪਰ ਕਾਮਯਾਬੀ ਮੇਰੇ ਹੱਥ ਨਹੀਂ ਸੀ ਲੱਗ ਰਹੀ।ਉਨ੍ਹਾਂ ਕਿਹਾ ਕਿ ਆਪਣੇ ਵਤਨ ਅਤੇ ਪੰਜਾਬ ਦੀ ਮਿੱਟੀ ਦੀ ਸੇਵਾ ‘ਚ ਮੈਂ ਹਮੇਸ਼ਾ ਜੀਅ ਜਾਨ ਨਾਲ ਲੱਗਿਆ ਰਹਾਂਗਾ।
‘ਪੰਜਾਬ’ ਗਾਣੇ ਨੇ ਮੇਰੇ ਹੰਝੂ ਕਢਾ ਦਿੱਤੇ : ਗੁਰਦਾਸ ਮਾਨ



