ਨਵਾਂਸ਼ਹਿਰ, 18 ਅਗਸਤ (ਸਨਪ੍ਰੀਤ ਮਾਂਗਟ)-ਡੀਸੀ ਕ੍ਰਿਸ਼ਨ ਕੁਮਾਰ ਵੱਲੋ ਕੀਤੇ ਯਤਨਾ ਸਦਕਾ ਜਿਲ੍ਹੇ ਅੰਦਰ ਲਿੰਗ ਅਨੁਪਾਤ ਵਿੱਚ ਸੁਧਾਰ ਹੋਣ ਕਰਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦੇਸ਼ ਭਰ ਵਿੱਚ ਪਹਿਲੇ ਦਰਜੇ ਦਾ ਖਿਤਾਬ ਮਿਲਿਆ ਸੀ, ਜਿਸ ਕਰਕੇ ਇਸ ਜਿਲ੍ਹੇ ਦੀ ਪਹਿਚਾਣ ਪੂਰੇ ਵਿਸ਼ਵ ਵਿੱਚ ਬਣ ਚੁੱਕੀ ਹੈ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੂਰੇ ਪੰਜਾਬ ‘ਚ ਨਵਾਂਸ਼ਹਿਰ ਮਾਡਲ ਲਾਗੂ ਕਰਨ ਲਈ ਹੁਕਮ ਕੀਤਾ ਹੈ, ਓਧਰ ਇਸ ਮਾਡਲ ਦੀ ਪ੍ਰਸ਼ਾਨਸ਼ਾਂ ਕਰਨ ਲਈ ਫਿਲਮ ਐਕਟਰ ਅਮੀਰ ਖਾਨ ਨੇ ਪ੍ਰੋਗਰਾਮ ਸਿੱਤਿਅਮ ਵੀ ਜਾਇਤੇ ਵਿੱਚ ਇਸ ਤੇ ਵਿਸ਼ੇਸ਼ ਚਾਨਣ ਪਾਇਆ ਸੀ ਪਰ ਲਿੰਗ ਅਨੁਪਾਤ ਸੁਧਾਰਨ ਦੇ ਦਾਅਵਿਆਂ ‘ਤੇ ਉਦੋਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦੋਂ ਆਰਟੀਆਈ ਤਹਿਤ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਭਾਵੇਂ ਡੀਸੀ ਦਫ਼ਤਰ ਹੋਵੇ ਜਾਂ ਸਿਵਲ ਸਰਜਨ ਦਫ਼ਤਰ, ਲਿੰਗ ਅਨੁਪਾਤ ਸੁਧਾਰ ਦਾ ਸਿਹਰਾ ਲੈਣ ਵਾਲੀ ਸੰਸਥਾ ਆਦਿ ਕਿਸੇ ਕੋਲ ਵੀ ਪੂਰੇ ਜ਼ਿਲ੍ਹੇ ‘ਚ ਜਨਮੇ ਲੜਕੇ-ਲੜਕੀਆਂ ਸਬੰਧੀ ਮੁਕੰਮਲ ਰਿਕਾਰਡ ਨਹੀਂ ਹੈ। ਹਾਲਾਂਕਿ ਹੈਲਪ ਸੰਸਥਾ ਵੱਲੋਂ ਕੁੱਝ ਮਹੀਨੇ ਪਹਿਲਾਂ ਇਹੀ ਮੁੱਦਾ ਉਠਾਉਣ ‘ਤੇ ਸਿਵਲ ਸਰਜਨ ਦਫ਼ਤਰ ਵੱਲੋਂ ਲਿਖਤੀ ਰੂਪ ‘ਚ ਡੀ. ਸੀ. ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਇਹ ਦਫ਼ਤਰ ਸਿਹਤ ਵਿਭਾਗ ਤੇ ਮਿਊਸੀਪਲ ਕਮੇਟੀਆਂ ਤੋਂ ਨਵੇਂ ਜਨਮੇ ਬੱਚਿਆਂ ਦਾ ਰਿਕਾਰਡ ਲੈਣ ਉਪਰੰਤ ਲਿੰਗ ਅਨੁਪਾਤ ਦੀ ਰਿਪੋਰਟ ਡੀਸੀ ਦਫ਼ਤਰ ਕੋਲ ਜਮ੍ਹਾ ਕਰਵਾਏਗਾ ਪਰ ਮਿਊਸੀਪਲ ਕਮੇਟੀਆਂ ਦਾ ਰਿਕਾਰਡ ਸਿਵਲ ਸਰਜਨ ਦਫ਼ਤਰ ਕੋਲ ਨਹੀਂ ਪਹੁੰਚਿਆ। ਸਵਾਲ ਇਹ ਉਠ ਦਾ ਹੈ ਕਿ ਪ੍ਰਸ਼ਾਸ਼ਨ ਕਿਹੜੇ ਤੱਥਾਂ ਦੇ ਆਧਾਰ ਤੇ ਜ਼ਿਲ੍ਹੇ ਚ ਲਿੰਗ ਅਨੁਪਾਤ ਬਾਕੀ ਜ਼ਿਲ੍ਹਿਆਂ ਤੋਂ ਵੱਧ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਇਸ ਬਾਰੇ ਫ਼ਿਲਹਾਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਹੈਲਪ ਸੰਸਥਾ ਦੇ ਜਰਨਲ ਸਕੱਤਰ ਪਰਵਿੰਦਰ ਸਿੰਘ ਕਿੱਤਣਾ ਨੇ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਸਿਵਲ ਸਰਜਨ ਤੋਂ ਬਲਾਕ ਵਾਈਜ਼ ਪਿੰਡਾਂ ਤੇ ਮਿਊਸੀਪਲ ਕਮੇਟੀਆਂ ਅਧੀਨ ਆਉਂਦੇ ਕਸਬਿਆਂ/ਸ਼ਹਿਰਾਂ ਵਿਚ 01-01-2006 ਤੋਂ ਜੂਨ 2013 ਤੱਕ ਜਨਮੇ ਬੱਚਿਆਂ ਦੇ ਵੇਰਵੇ ਮੰਗੇ ਸਨ ਪਰ ਸਿਵਲ ਸਰਜਨ ਦਫ਼ਤਰ ਵੱਲੋਂ ਅੱਧਾ ਰਿਕਾਰਡ ਹੀ ਉਪਲਬਧ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਸਿਵਲ ਸਰਜਨ ਦਫ਼ਤਰ ਕੋਲ ਆਪਣੇ ਅਧੀਨ ਆਉਂਦੇ ਹਸਪਤਾਲਾਂ ਨਾਲ ਸਬੰਧਤ ਪਿੰਡਾਂ ਦਾ ਵੀ ਪੂਰਾ ਰਿਕਾਰਡ ਨਹੀਂ ਹੈ। ਪ੍ਰਾਇਮਰੀ ਹੈਲਥ ਸੈਂਟਰ ਸੜੋਆ ਦੇ ਕੁਝ ਕੁ ਉਨ੍ਹਾਂ ਪਿੰਡਾਂ ਦੀ ਸੂਚਨਾ ਉਪਲਬਧ ਕਰਵਾਈ ਗਈ ਹੈ ਜਿਨ੍ਹਾਂ ‘ਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਵੱਧ ਹੈ। ਪ੍ਰਾਇਮਰੀ ਹੈਲਥ ਸੈਂਟਰ ਮੁਜ਼ੱਫਰਪੁਰ ਅਧੀਨ 10 ਦੇ ਕਰੀਬ ਅਜਿਹੇ ਪਿੰਡ ਹਨ ਜਿੱਥੇ ਪਿਛਲੇ ਸੱਤਾਂ ਸਾਲਾਂ ‘ਚ ਜਨਮੇ ਬੱਚਿਆਂ ਸਬੰਧੀ ਰਿਕਾਰਡ ਸਿਹਤ ਵਿਭਾਗ ਕੋਲ ਨਹੀਂ ਹੈ। ਇੱਥੇ ਸਿਰਫ਼ 14 ਪਿੰਡ ਅਜਿਹੇ ਹਨ ਜਿੱਥੇ ਪਿਛਲੇ 6 ਸਾਲਾਂ ‘ਚ ਲੜਕਿਆਂ ਦੇ ਮੁਕਾਬਲੇ ਵੱਧ ਲੜਕੀਆਂ ਪੈਦਾ ਹੋਈਆਂ ਹਨ। ਪ੍ਰਾਇਮਰੀ ਹੈਲਥ ਸੈਂਟਰ ਸੁੱਜੋ ਅਧੀਨ ਆਉਂਦੇ 87 ਪਿੰਡਾਂ ‘ਚੋਂ ਸਿਰਫ਼ ਉਨ੍ਹਾਂ 22 ਪਿੰਡਾਂ ਦੀ ਸੂਚੀ ਦਿੱਤੀ ਗਈ ਹੈ ਜਿੱਥੇ 1000 ਲੜਕਿਆਂ ਮਗਰ ਲੜਕੀਆਂ ਦੀ ਗਿਣਤੀ ਜ਼ਿਆਦਾ ਹੈ। ਪੀਐਚਸੀ ਬਲਾਚੌਰ ਅਧੀਨ ਆਉਂਦੇ 119 ਪਿੰਡਾਂ ਵਿਚ 2005 ਤੋਂ 2011 ਤੱਕ ਦੇ 7 ਸਾਲਾਂ ਵਿਚ 1000 ਲੜਕਿਆਂ ਮਗਰ ਸਿਰਫ਼ 863 ਲੜਕੀਆਂ ਪੈਦਾ ਹੋਈਆਂ ਹਨ ਜਦਕਿ ਪ੍ਰਾਇਮਰੀ ਹੈਲਥ ਸੈਂਟਰ ਮੁਕੰਦਪੁਰ ਅਧੀਨ 73 ਪਿੰਡਾਂ ਵਿਚ ਪਿਛਲੇ ਸਾਢੇ ਸੱਤ ਸਾਲਾਂ ਵਿਚ 1000 ਲੜਕਿਆਂ ਮਗਰ ਪੈਦਾ ਹੋਈਆਂ ਲੜਕੀਆਂ ਦੀ ਗਿਣਤੀ 977 ਹੈ। ਕਿੱਤਣਾ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੀ ਖੁਸ਼ਕਿਸਮਤੀ ਹੀ ਹੋਵੇਗੀ ਜੇਕਰ ਇੱਥੇ ਲੜਕੀਆਂ ਦੀ ਗਿਣਤੀ ਵੱਧ ਰਹੀ ਹੋਵੇ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਤੇ ਮਿਊਸੀਪਲ ਕਮੇਟੀਆਂ ਦਾ ਰਿਕਾਰਡ ਹਰ ਮਹੀਨੇ ਇਕੱਠਾ ਕਰਕੇ ਸਹੀ ਰਿਪੋਰਟ ਜਨਤਕ ਕੀਤੀ ਜਾਵੇ।



