Skip to content
Independent perspectives. Global stories.
BREAKING

ਭਾਰਤੀ ਅਰਥ ਵਿਵਸਥਾ ਨੇ ਦਿੱਤੀ ਦੁਨੀਆਂ ਨੂੰ ਮਜ਼ਬੂਤੀ ਲੁਧਿਆਣਾ ’ਚ ਸਨਅਤਕਾਰਾਂ ਦੀ ਹਾਜ਼ਰੀ ’ਚ ਬੋਲੇ ਪ੍ਰਧਾਨ ਮੰਤਰੀ

Share this story

ਮੁੱਖ ਮੰਤਰੀ ਸ. ਬਾਦਲ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਤੋਂ ਪੰਜਾਬ ਲਈ ਵਿਸ਼ੇਸ਼ ਸਹਿਯੋਗ ਦੀ ਮੰਗ
image ਲੁਧਿਆਣਾ, 18 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਘੂ ਤੇ ਮਧਮ ਉਦਯੋਗ ਨਾਲ ਸਬੰਧਿਤ ਇੱਕ ਸੂਬੇ ਪੱਧਰੀ ਸਮਾਗਮ ਵਿੱਚ ਸ਼ਿਰਕਤ ਦੌਰਾਨ ਇਹ ਦਾਅਵਾ ਕੀਤਾ ਕਿ ਦੇਸ਼ ਦੀ ਅਰਥ ਵਿਵਸਥਾ ਸਭ ਤੋਂ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਭਾਰਤ ਦੀ ਵਧ ਰਹੀ ਅਰਥ ਵਿਵਸਥਾ ਨੇ ਦੁਨੀਆ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਨੇ ਇਸ ਸਮਾਗਮ ਵਿੱਚ ਸਨਅਤੀ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲਗਭਗ 250 ਉਦਮੀਆਂ ਨੂੰ ਸਨਮਾਨਿਤ ਕੀਤਾ। ਸ੍ਰੀ ਮੋਦੀ ਨੇ ਇਸ ਮੌਕੇ ਮੰਤਰ  ਦਿੱਤਾ ਕਿ ਆਜ਼ਾਦੀ ਤੋਂ ਪਹਿਲਾਂ ਖਾਦੀ ਫਾਰ ਨੇਸ਼ਨ ਸੀ, ਹੁਣ ਖਾਦੀ ਫਾਰ ਫੈਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਲਘੂ ਅਤੇ ਮਧਿਅਮ ਉਦਯੋਗ ਲਈ ਕਈ ਸਕੀਮਾਂ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਇੱਕ ਰਿਮੋਟ ਬਟਨ ਦਬਾ ਕੇ ਐਸ.ਸੀ./ਐਸ.ਟੀ. ਹੱਬ ਦਾ ਉਦਘਾਟਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਦਲਿਤਾਂ ਦੀ ਹਾਲਤ ਉੱਪਰ ਚਿੰਤਾ ਪ੍ਰਗਟ ਕੀਤੀ ਅਤੇ ਆਖਿਆ ਕਿ ਜੇਕਰ ਦੱਬੇ-ਕੁਚਲੇ ਅਤੇ ਦਲਿਤ ਲੋਕਾਂ ਨੂੰ ਮੌਕੇ ਮਿਲਣ ਤਾਂ ਉਹ ਦੇਸ਼ ਦੇ ਭਾਗ ਨੂੰ ਬਦਲਣ ਲਈ ਵਿਸ਼ੇਸ਼ ਯੋਗਦਾਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਵਿੱਚ ਉਧਮਤਾ ਨੂੰ ਵਧਾਉਣ ਲਈ ਬੈਂਕਾਂ ਇੱਕ-ਇੱਕ ਮਹਿਲਾ ਅਤੇ ਦਲਿਤਾਂ ਨੂੰ ਘੱਟੋ-ਘੱਟ ਇੱਕ-ਇੱਕ ਕਰੋੜ ਦਾ ਕਰਜ਼ਾ ਦੇਣਾ ਚਾਹੀਦਾ ਹੈ। ਕੇਂਦਰ ਵੱਲੋਂ ਬਣਾਈ ਗਈ ਹੱਬ ਇਸ ਦਿਸ਼ਾ ਵਿੱਚ ਹੀ ਇੱਕ ਯਤਨ ਹੈ। ਪ੍ਰਧਾਨ ਮੰਤਰੀ ਨੇ ਜ਼ੀਰੋ ਇਫੈਕਟ, ਜ਼ੀਰੋ ਡਿਫੈਕਟ ਨੀਤੀ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਇਸ ਮੌਕੇ ’ਤੇ ਖਾਦੀ ਨੂੰ ਉਤਸ਼ਾਹਿਤ ਕਰਨ ਲਈ ਇਸ ਉਦਯੋਗ ਨਾਲ ਜੁੜੀਆਂ ਔਰਤਾਂ ਨਾਲ ਮਿਲ ਕੇ ਕੁਝ ਸਮਾਂ ਚਰਖਾ ਵੀ ਕੱਤਿਆ। ਸਮਾਗਮ ਵਿੱਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਤੋਂ ਇਲਾਵਾ ਹੋਰ ਅਹਿਮ ਸ਼ਖਸੀਅਤਾਂ ਵੀ ਹਾਜ਼ਰ ਸਨ। ਸਖਤ ਸੁਰੱਖਿਆ ਪ੍ਰਬੰਧਾਂ ਵਾਲੇ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਹਿਮਾਚਲ ਵਿਖੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਬਾਅਦ ਪਹੁੰਚੇ। ਇਸ ਮੌਕੇ ’ਤੇ ਸੁਰੱਖਿਆ ਦੇ ਬਹੁਤ ਹੀ ਸਖਤ ਇੰਤਜ਼ਾਮ ਸਨ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਵਿੱਚ ਸਨਅਤੀਕਰਨ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਮਾਹਿਰਾਂ ਦਾ ਸਮੂਹ ਕਾਇਮ ਕਰਨ ਦੀ ਅਪੀਲ ਕੀਤੀ ਹੈ ਕਿਉਂ ਜੋ ਸਾਡੀ ਆਰਥਿਕਤਾ ਦਾ ਮੁੱਖ ਧੁਰਾ ਖੇਤੀਬਾੜੀ ਖੇਤਰ ਹੁਣ ਲਾਹੇਵੰਦ ਨਹੀਂ ਰਿਹਾ। ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ  ਸੂਖਮ, ਲਘੂ ਤੇ ਮੱਧਮ ਉਦਯੋਗ ਦੇ ਉੱਦਮੀਆਂ ਨੂੰ ਸਨਮਾਨਿਤ ਕਰਨ  ਅਤੇ ਔਰਤਾਂ ਨੂੰ ਚਰਖ਼ੇ ਵੰਡਣ ਲਈ ਕਰਵਾਏ ਸਮਾਰੋਹ ਮੌਕੇ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸਨ, ਜਿਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕਾਰਨਾਂ ਕਰਕੇ ਪੰਜਾਬ ਦੀ ਆਰਿਥਕਤਾ ਨੂੰ ਬਹੁਤ ਵੱਡਾ ਧੱਕਾ ਲੱਗਾ ਹੈ ਜਿਨ੍ਹਾਂ ਵਿੱਚ ਆਜ਼ਾਦੀ ਉਪਰੰਤ ਮੁਲਕ ਦੀ ਵੰਡ, ਲੰਮਾ ਸਮਾਂ ਅਤਿਵਾਦ ਰਹਿਣ, ਗੁਆਂਢੀ ਸੂਬਿਆਂ ਨੂੰ ਖੁੱਲ੍ਹੀਆਂ ਰਿਆਇਤਾਂ ਦੇਣ ਅਤੇ ਵਿਤਕਰੇ ਵਾਲੀ ਭਾੜਾ ਨੀਤੀ ਵਰਗੇ ਕਾਰਨ ਸ਼ਾਮਲ ਹਨ। ਇਸ ਕਰਕੇ ਭਾਰਤ ਸਰਕਾਰ ਇਸ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਸੁਲਝਾਉਣ ਲਈ ਅੱਗੇ ਆਵੇ। ਮੌਜੂਦਾ  ਖੇਤੀ ਸੰਕਟ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਖੇਤੀ ਕਿੱਤਾ ਮੁਨਾਫਾਬਖਸ਼ ਬਣਾਉਣ ਲਈ ਮਾਹਿਰਾਂ ਦਾ ਇਕ ਹੋਰ ਗਰੁੱਪ ਕਾਇਮ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਆਖਿਆ ਕਿ ਪੂਰੇ ਮੁਲਕ ਦੇ ਕਿਸਾਨ ਇਸ ਵੇਲੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਜਿਸ ਕਰਕੇ ਅੰਨਦਾਤਿਆਂ ਦੀ ਸਾਰ ਲੈਣਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ। ਉਨ•੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਹਮਲਿਆਂ ਰਾਹੀਂ ਅਤਿਵਾਦੀ ਟਿਕਾਣਿਆਂ ਨੂੰ ਤਬਾਹ ਕਰਨ ’ਤੇ ਸ੍ਰੀ ਮੋਦੀ ਨੂੰ ਵਧਾਈ ਦਿੱਤੀ।
ਮੁੱਖ ਮੰਤਰੀ ਨੇ  ਕਿਹਾ ਕਿ ਲੁਧਿਆਣਾ, ਪੰਜਾਬ ਦਾ ਸਨਅਤੀ ਧੁਰਾ ਹੈ ਅਤੇ ਵਿਸ਼ਵ ਬੈਂਕ ਨੇ ਸਾਲ 2009 ਅਤੇ 2013 ਵਿੱਚ ਵਪਾਰ ਕਰਨ ਲਈ ਲੁਧਿਆਣਾ ਨੂੰ ਮੁਲਕ ਵਿੱਚ ਬਿਹਤਰ ਸ਼ਹਿਰ ਦਾ ਦਰਜਾ ਦਿੱਤਾ ਹੈ। ਸ. ਬਾਦਲ ਨੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨੂੰ ਉੱਦਮੀਆਂ ਵਜੋਂ ਉਭਾਰ ਕੇ ਉਨ੍ਹਾਂ ਦੀ ਦਸ਼ਾ ਸੁਧਾਰਨ ਲਈ ਐਸ.ਸੀ./ਐਸ.ਟੀ. ਹੱਬ ਦੀ ਸ਼ੁਰੂਆਤ ਕਰਨ ਸਮੇਤ ਵਿੱਢੇ ਉਪਰਾਲਿਆਂ ਪ੍ਰਤੀ ਪ੍ਰਧਾਨ ਮੰਤਰੀ ਦੀ ਦੂਰ-ਅਦੇਸ਼ੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਦਿਨ ਲੱਦੇ ਗਏ ਜਦੋਂ ਲੋਕਾਂ ਵੱਲੋਂ ਇਸ ਵਰਗ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਪਰ ਹੁਣ ਇਸ ਉੱਦਮ ਨਾਲ ਉਹ ਖੁਦ ਆਪਣਾ ਭਵਿੱਖ ਤਰਾਸ਼ਣਗੇ ਅਤੇ ਮੁਲਕ ਦੇ ਵਿਕਾਸ ਤੇ ਤਰੱਕੀ ਵਿੱਚ ਭਾਈਵਾਲ ਬਣਨਗੇ।
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦਰਮਿਆਨ ਉੱਦਮੀਆਂ ਵਾਲੀ ਭਾਵਨਾ ਪੈਦਾ ਕਰਨ ਲਈ ਕੀਤੇ ਉਪਰਾਲਿਆਂ ਲਈ ਐਨ.ਡੀ.ਏ. ਸਰਕਾਰ ਦੀ ਸ਼ਲਾਘਾ ਕੀਤੀ। ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਪ੍ਰਾਜੈਕਟ ਦੇਣ ਦਾ ਸਿਹਰਾ ਐਨ.ਡੀ.ਏ. ਸਰਕਾਰ ਦੇ ਸਿਰ ਬੰਨ੍ਹਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਇਨ੍ਹਾਂ ਬਨਿਆਦੀ ਢਾਂਚਾ ਪ੍ਰਾਜੈਕਟਾਂ ਨਾਲ ਸੂਬੇ ਦੇ ਚੱਲ ਰਹੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ। ਇਸ ਮੌਕੇ ਕੇਂਦਰੀ ਸੂਖਮ, ਲਘੂ ਤੇ ਮੱਧਮ ਉੱਦਮ ਮੰਤਰੀ ਸ੍ਰੀ ਕਲਰਾਜ ਮਿਸ਼ਰਾ, ਕੇਂਦਰੀ ਰਾਜ ਮੰਤਰੀ ਸ੍ਰੀ ਪਿਯੂਸ਼ ਗੋਇਲ ਤੇ ਸ੍ਰੀ ਗਿਰੀ ਰਾਜ ਸਿੰਘ, ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤੀ ਸ੍ਰੀ ਅਨਿਲ ਜੋਸ਼ੀ, ਸ੍ਰੀ ਮਦਨ ਮੋਹਨ ਮਿੱਤਲ ਤੇ ਸ. ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਕੇ.ਡੀ.ਭੰਡਾਰੀ ਅਤੇ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਸ੍ਰੀ ਕਮਲ ਸ਼ਰਮਾ ਹਾਜ਼ਰ ਸਨ।

WRITTEN BY