Skip to content
Independent perspectives. Global stories.
BREAKING

ਭਾਰਤ ਫੂਡ ਪ੍ਰੋਸੈਸਿੰਗ ਖੇਤਰ ਵਿਚ ਉੱਭਰ ਰਿਹਾ ਦੇਸ਼ ਪੰਜਾਬ ਮੋਹਰੀ ਸੂਬਾ : ਹਰਸਿਮਰਤ ਕੌਰ ਬਾਦਲ

Share this story

image ਚੰਡੀਗੜ੍ਹ, 18 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਵਿਚ ਫੂਡ ਪ੍ਰੋਸੈਸਿੰਗ ਖੇਤਰ ਖਾਸ ਤੌਰ ’ਤੇ ਪੰਜਾਬ ਵਿਚ ਨਵੇਂ ਮੌਕਿਆਂ ਦੀ ਵਕਾਲਤ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੈਰਿਸ ਵਿਖੇ ਚੱਲ ਰਹੇ ਕੌਮਾਂਤਰੀ ਫੂਡ ਮੇਲੇ ਸੀਅਲ-2016 ਵਿਚ ਚੋਟੀ ਦੀਆਂ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਨਾ ਸਿਰਫ ਫੂਡ ਪ੍ਰੋਸੈਸਿੰਗ ਖੇਤਰ ਵਿਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਬਲਕਿ ਹੋਰ ਖੇਤਰਾਂ ਜਿਵੇਂ ਕਿ ਡੇਅਰੀ ਅਤੇ ਪ੍ਰਚੂਨ ਖੇਤਰ ਵਿਚ ਵੀ ਨਿਵੇਸ਼ ਦੇ ਨਵੇਂ ਮੌਕੇ ਤਲਾਸ਼ਣ ਲਈ ਵਿਚਾਰ-ਵਟਾਂਦਰਾ ਕੀਤਾ। ਕੇਂਦਰੀ ਮੰਤਰੀ ਨੇ ਇਸ ਮੌਕੇ ਗੌਰਡਨ ਫੂਡ ਸਰਵਿਸ, ਅਮਰੀਕਾ ਦੇ ਜਗਤਾਰ ਨਿੱਝਰ, ਕੌਲਰੂਟ ਗਰੁੱਪ- ਜੋ ਕਿ ਬੈਲਜੀਅਮ ਵਿਚ ਸਭ ਤੋਂ ਵੱਡਾ ਪ੍ਰਚੂਨ ਗਰੁੱਪ ਹੈ, ਦੇ ਸੀਈਓ ਜੈੱਫ ਕੌਲਰੂਟ, ਨੀਦਰਲੈਂਡ ਦੀ ਫਰੈੱਸਲੈਂਡ ਕੈਂਪੀਨਾ ਐਕਸਪੋਰਟ- ਜੋ ਕਿ ਡੇਅਰੀ ਪਦਾਰਥਾਂ ਦੀ ਮੋਹਰੀ ਕੰਪਨੀ ਹੈ, ਦੇ ਐਮ.ਡੀ. ਥੌਮ ਐਲਬਰਸ ਤੋਂ ਇਲਾਵਾ ਯੂਰਪ ਦੀਆਂ ਕਈ ਨਾਮੀਂ ਕੰਪਨੀਆਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਦੋ-ਪੱਖੀਂ ਇਸ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਪ੍ਰਚੂਨ ਦੇ ਖੇਤਰਾਂ ਵਿਚ ਜਿੱਥੇ ਮੁਹਾਰਤ ਅਤੇ ਨਿਵੇਸ਼ ਦਾ ਆਦਾਨ-ਪ੍ਰਦਾਨ ਕੀਤਾ ਜਾਵੇ ਉੱਥੇ ਹੀ ਇਨ੍ਹਾਂ ਖੇਤਰਾਂ ਵਿਚ ਨਵੇਂ ਮੌਕਿਆਂ ਦੀ ਤਲਾਸ਼ ਲਈ ਵੀ ਆਪਸੀ ਸਹਿਯੋਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਦੌਰਾਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਮੰਤਰਾਲੇ ਵੱਲੋਂ ਦੇਸ਼ ਭਰ ਵਿਚ 37 ਮੈਗਾ ਫੂਡ ਪਾਰਕਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਵਿਚੋਂ ਤਿੰਨ ਪੰਜਾਬ ਵਿਚ ਹਨ। ਉਨ੍ਹਾਂ ਦੱਸਿਆ ਕਿ ਲਾਡੋਵਾਲ ਵਾਲਾ ਮੈਗਾ ਫੂਡ ਪਾਰਕ ਕੇਂਦਰੀ ਪ੍ਰੋਸੈਸਿੰਗ ਯੂਨਿਟ ਵੱਜੋਂ ਕੰਮ ਕਰੇਗਾ ਅਤੇ ਉਸ ਨਾਲ ਹੁਸ਼ਿਆਰਪੁਰ, ਅੰਮ੍ਰਿਤਸਰ, ਫਾਜ਼ਿਲਕਾ ਅਤੇ ਬਠਿੰਡਾ ਦੇ ਚਾਰ ਪ੍ਰਾਇਮਰੀ ਪ੍ਰੋਸੈਸਿੰਗ ਕੇਂਦਰ ਜੋੜੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਨਾ ਸਿਰਫ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਹੋਵੇਗਾ ਬਲਕਿ ਇਸ ਨਾਲ ਸਿੱਧੇ ਤੇ ਅਸਿੱਧੇ ਰੂਪ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਫੂਡ ਪ੍ਰੋਸੈਸਿੰਗ ਖੇਤਰ ਵਿਚ ਆਧੁਨਿਕ ਤਕਨੀਕਾਂ ਨੂੰ ਲਾਗੂ ਕਰਨ ’ਤੇ ਪੂਰੇ ਜ਼ੋਰ-ਸ਼ੋਰ ਨਾਲ ਕੰਮ ਕਰ ਰਿਹਾ ਹੈ ਅਤੇ ਉਹ ਭਾਰਤ ਵਿਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਇਕ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਪੂਰੇ ਜੋਸ਼ ਨਾਲ ਕੰਮ ਕਰ ਰਹੇ ਹਨ।

WRITTEN BY