ਵਾਸ਼ਿੰਗਟਨ ਡੀਸੀ, 15 ਅਕਤੂਬਰ- ਡੋਨਲਡ ਟਰੰਪ ਅਜਿਹੀ ਮਰਜ਼ ਦੇ ਮਾਲਕ ਹਨ ਜਿਨ੍ਹਾਂ ਨਾ ਤਾਂ ਲੋਲੀ ਪੋਪ ਦੇਣਾ ਆਉਂਦਾ ਹੈ ਅਤੇ ਨਾ ਹੀ ਕੋਈ ਅਜਿਹਾ ਲਾਰਾ ਲਾ ਸਕਦੇ ਹਨ, ਜਿਸ ਨਾਲ ਪਬਲਿਕ ਉਨ੍ਹਾਂ ਦੀ ਮੁਰੀਦ ਬਣ ਸਕੇ। ਉਨ੍ਹਾਂ ਦੀ ਸਪਸ਼ਟਤਾ ਇਹ ਦਰਸਾਉਂਦੀ ਹੈ ਕਿ ਉਹ ਝੂਠ ਦੀ ਬਿਨ੍ਹਾ ’ਤੇ ਕੋਈ ਵੀ ਕਦਮ ਨਹੀਂ ਪੁੱਟਣਾ ਚਾਹੁੰਦੇ ਅਤੇ ਨਾ ਹੀ ਕੋਈ ਸਬਜ਼ਬਾਗ ਦਿਖਾਉਣਾ ਚਾਹੁੰਦੇ ਹਨ, ਜਿਸ ਨਾਲ ਅਵਾਮ ਉਨ੍ਹਾਂ ਦੀ ਵਾਹ-ਵਾਹ ਕਰੇ। ਉਹ ਅਮਰੀਕਾ ਨੂੰ ਸੁਰੱਖਿਅਤ ਅਤੇ ਸਾਫ ਬਣਾਉਣ ਦੇ ਨਾਲ-ਨਾਲ ਇਸ ਦੀ ਵਿਕਾਸ ਦਰ ਨੂੰ ਉੱਚਾ ਚੁੱਕਣ ਅਤੇ ਨੌਕਰੀਆਂ ਦੇ ਵਸੀਲਿਆਂ ਦੀ ਭਰਮਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਅਮਰੀਕਾ ਪਹਿਲਾਂ ਹੈ ਪਾਰਟੀ ਦੇ ਹਿੱਤ ਬਾਅਦ ਵਿੱਚ, ਜਿਸ ਕਰਕੇ ਉਨ੍ਹਾਂ ਦੀ ਆਪਣੀ ਪਾਰਟੀ ਬਾਗੀ ਸੁਰਾਂ ਦਾ ਸ਼ਿਕਾਰ ਹੋਈ ਹੈ ਅਤੇ ਰਾਸ਼ਟਰਪਤੀ ਅਹੁਦੇ ਪ੍ਰਤੀ ਸੰਜੀਦਾ ਨਜ਼ਰ ਨਹੀਂ ਆ ਰਹੀ ਹੈ। ਪਰ ਡੋਨਲਡ ਨੇ ਸਾਰਿਆਂ ਨੂੰ ਟਿੱਚ ਜਾਣਿਆ ਹੈ ਅਤੇ ਸਾਰਿਆਂ ਨੂੰ ਚਿੱਤ ਕਰਕੇ ਰੱਖਿਆ ਹੈ ਕਿ ਉਨ੍ਹਾਂ ਨੂੰ ਹਮਾਇਤ ਪਾਰਟੀ ਦੇਵੇ ਜਾਂ ਨਾ ਦੇਵੇ ਉਹ ਆਪਣੇ ਮਿਸ਼ਨ, ਅਸੂਲਾਂ ਅਤੇ ਅਮਰੀਕਾ ਦੀ ਬੇਹਤਰੀ ਲਈ ਕਦੇ ਵੀ ਨਹੀਂ ਝੁਕਣਗੇ। ਉਨ੍ਹਾਂ ਦੇ ਦ੍ਰਿੜ ਇਰਾਦੇ ਅਤੇ ਸਪਸ਼ਟਤਾ ਤੋਂ ਲਗਦਾ ਹੈ ਕਿ ਨੌਜਵਾਨ ਅਤੇ ਪੜ੍ਹਿਆ ਲਿਖਿਆ ਵਰਗ ਉਨ੍ਹਾਂ ਦਾ ਮੁਰੀਦ ਹੈ ਅਤੇ ਉਨ੍ਹਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰੀ ਡੋਨਲਡ ਦੇ ਹੀ ਸੋਹਿਲੇ ਗਾ ਰਿਹਾ ਹੈ। ਇੱਕ ਛੋਟੇ ਜਿਹੇ ਸਰਵੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਾਸ਼ਿੰਗਟਨ ਡੀਸੀ ਤੋਂ ਲੈ ਕੇ ਨਿਊਯਾਰਕ ਤੱਕ ਹਰੇਕ ਅੱਧੇ ਘੰਟੇ ਉਪਰੰਤ ਪਬਲਿਕ, ਬਿਜਨਸਮੈਨ, ਕਰਮਚਾਰੀਆਂ ਤੇ ਔਰਤਾਂ ਨੂੰ ਡੋਨਲਡ ਟਰੰਪ ਦੀ ਰਾਸ਼ਟਰਪਤੀ ਚੋਣ ਬਾਰੇ ਪੁੱਛਿਆ ਗਿਆ ਅਤੇ ਕਲਮਬੰਦ ਕਰਕੇ ਇੱਕ ਗੱਲ ਸਾਹਮਣੇ ਆਈ ਕਿ ਸਾਰੇ ਦੇ ਸਾਰੇ ਹੀ ਟਰੰਪ ਦੇ ਹੱਕ ਵਿੱਚ ਭੁਗਤੇ, ਜਿੱਥੋਂ ਸਹਿਜੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲਾ ਰਾਸ਼ਟਰਪਤੀ ਡੋਨਲਡ ਟਰੰਪ ਹੀ ਹੈ ਜਿਸ ਨੂੰ ਕੋਈ ਨਹੀਂ ਰੋਕ ਸਕਦਾ। ਭਾਵੇਂ ਸੀਐਨਐਨ ਅਤੇ ਹੋਰ ਚੈਨਲਾਂ ਨੂੰ ਵਿਕਾਊ ਮਾਲ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੇ ਕਦੇ ਵੀ ਟਰੰਪ ਦੀ ਹਮਾਇਤ ਨਹੀਂ ਕੀਤੀ ਹੈ। ਫਿਰ ਵੀ ਟਰੰਪ ਦੀ ਸਖਤ ਮਿਜਾਜ਼, ਦ੍ਰਿੜ ਇਰਾਦਾ ਅਤੇ ਸਪਸ਼ਟ ਬੋਲਬਾਣੀ ਨੂੰ ਉਸ ਦੇ ਗਰਾਫ ਨੂੰ ਬਰਕਰਾਰ ਰੱਖਿਆ ਹੋਇਆ ਹੈ, ਜਿਹੜੇ ਵਿਅਕਤੀਆਂ ਦੀ ਵੋਟ ਨਹੀਂ ਹੈ ਜਾਂ ਜੋ ਵਿਅਕਤੀ ਅਮਰੀਕਾ ਵਿੱਚ ਗੈਰ ਕਾਨੂੰਨੀ ਹਨ ਉਹ ਵਿਅਕਤੀ ਭਾਵੇਂ ਡੋਨਲਡ ਟਰੰਪ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ, ਪਰ ਡੋਨਲਡ ਟਰੰਪ ਦੀਆਂ ਪਾਲਿਸੀਆਂ, ਸਪਸ਼ਟਤਾ ਅਤੇ ਦ੍ਰਿੜ ਬੋਲਬਾਣੀ ਉਸ ਦੀ ਜਿੱਤ ਨੂੰ ਯਕੀਨ ਵਿੱਚ ਬਦਲਣ ਲਈ ਕਾਫੀ ਸਹਾਈ ਹੋ ਰਹੀ ਹੈ। ਪ੍ਰਵਾਸੀ ਲੋਕ ਵੀ ਟਰੰਪ ਦੀ ਹਮਾਇਤ ’ਤੇ ਜੁੱਟ ਗਏ ਹਨ ਅਤੇ ਉਹ ਕਹਿ ਰਹੇ ਹਨ ਕਿ ਸਾਫ ਵਿਅਕਤੀ ਹੀ ਸਖਤੀ ਦਾ ਸਹਾਰਾ ਲੈਂਦਾ ਹੈ। ਟਰੰਪ ਦੇ ਹੱਥਾਂ ਵਿੱਚ ਹੀ ਅਮਰੀਕਾ ਸੁਰੱਖਿਅਤ ਅਤੇ ਪ੍ਰਫੁੱਲਤ ਹੋ ਸਕਦਾ ਹੈ, ਜਿਸ ਲਈ ਟਰੰਪ ਨੂੰ ਲਿਆਉਣਾ ਜ਼ਰੂਰੀ ਨਹੀਂ ਸਗੋਂ ਅਮਰੀਕਾ ਦੀ ਮਜਬੂਰੀ ਬਣ ਗਿਆ ਹੈ।
ਟਰੰਪ ਦੀ ਸਪਸ਼ਟਤਾ ਅਤੇ ਦ੍ਰਿੜਤਾ ਨੂੰ ਅਮਰੀਕੀ ਪਸੰਦ ਕਰਨ ਲੱਗੇ


