Skip to content
Independent perspectives. Global stories.
BREAKING

ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ‘ਚ ਜੰਗਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ

Share this story

ਮਾਛੀਵਾੜਾ ਸਾਹਿਬ, 17 ਅਗਸਤ (ਕਰਮਜੀਤ ਸਿੰਘ ਆਜ਼ਾਦ)- ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਮਾਛੀਵਾੜਾ ਵਿਖੇ ਸਥਾਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
tree
ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਮੀਤ ਸਿੰਘ ਕੰਡੀਲਾ ਨੇ ਦੱਸਿਆ ਕਿ ਦਸਮ ਪਿਤਾ ਜੀ ਦੀ ਇਹ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਜਿੱਥੇ ਕਿ ਜੰਗਲਾਂ ਦੇ ਵਿਚ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਸੀ ਤੇ ਹੁਣ ਉਸਨੂੰ ਪਹਿਲਾਂ ਵਾਲੇ ਜੰਗਲ ਦਾ ਰੂਪ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ 10 ਏਕੜ ਜਮੀਨ ਜਿਸ ਵਿਚ ਬਾਗ ਲੱਗਿਆ ਹੋਇਆ ਹੈ ਤੇ ਉਸ ਵਿਚ ਨਾਲ ਹੀ ਜੰਗਲ ਦਾ ਰੂਪ ਦੇਣ ਲਈ ਜੰਡ, ਕਰੀਰ, ਵਣ, ਕਿੱਕਰ, ਫਲਾਹੀ, ਖਜੂਰ, ਬਾਂਸ, ਚੰਪਾ, ਰੀਠਾ, ਆਵਲਾਂ, ਗੁਲਮੋਹਰ, ਟਾਹਲੀ, ਕਾਹਨੇ, ਬੋਹੜ, ਪਿੱਪਲ, ਪਲਾਕ, ਨਿੰਮ, ਮਰੋੜਫਲੀ, ਕੁਸਮ ਤੇ ਦਿਉਬੇੜਾ ਦੇ ਦਰੱਖ਼ਤ ਲਗਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਆਸ ਪਾਸ ਜੰਗਲ ਦਾ ਦ੍ਰਿਸ਼ ਕਾਇਮ ਕਰਨ ਲਈ ਇਹ ਜੰਗਲੀ ਦਰੱਖ਼ਤ ਸ਼੍ਰੋਮਣੀ ਕਮੇਟੀ ਵੱਲੋਂ ਦੂਰ ਦੁਰਾਡੇ ਦੇ ਪਹਾੜੀ ਇਲਾਕਿਆਂ ਵਿਚੋਂ ਲਿਆ ਕੇ ਲਗਾਏ ਜਾ ਰਹੇ ਹਨ ਤਾਂ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਉਹੀ ਜੰਗਲ ਦਾ ਦ੍ਰਿਸ਼ ਦਿਖੇ ਜਿੱਥੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਸੀ। ਮੈਨੇਜਰ ਗੁਰਮੀਤ ਸਿੰਘ ਅਨੁਸਾਰ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਚਾਰ ਚੁਫੇਰੇ ਸਜਾਵਟੀ, ਛਾਂਦਾਰ ਤੇ ਫੁਲਾਂ ਵਾਲੇ ਪੌਦੇ ਜਿਸ ਵਿਚ ਰਾਇਲ ਪਾਮ, ਫਿਸਟਲ ਪਾਮ, ਗੋਲਡਨ ਚੰਪਾ, ਚਾਦਨੀ, ਹਾਰ ਸ਼ਿੰਗਾਰ ਦੇ ਪੌਦੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਗੁਰਦੁਆਰਾ ਸਾਹਿਬ ਦੀ ਦਿੱਖ ਨੂੰ ਹੋਰ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜੰਗਲ ਲਗਾਉਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਜਿੱਥੇ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਦੇ ਰਹੀਆਂ ਹਨ ਉਥੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਵੀ ਤਨਦੇਹੀ ਨਾਲ ਸੇਵਾ ਕਰ ਇਹ ਪੌਦੇ ਲਗਾ ਰਹੇ ਹਨ ਤੇ ਇਸਦੀ ਸਾਂਭ ਸੰਭਾਲ ਕਰ ਰਹੇ ਹਨ ਤਾਂ ਜੋ ਗੁਰਦੁਆਰਾ ਸਾਹਿਬ ਦੇ ਨਾਲ ਇਸ ਜੰਗਲ ਦੇ ਦ੍ਰਿਸ਼ ਨੂੰ ਜਲਦ ਤੋਂ ਜਲਦ ਅਮਲੀ ਰੂਪ ਦਿੱਤਾ ਜਾ ਸਕੇ। ਅੱਜ ਗੁਰੂ ਘਰ ਵਿਚ ਇਹ ਜੰਗਲੀ ਪੌਦੇ ਲਗਾਉਣ ਸਮੇਂ ਗੁਰਦੁਆਰਾ ਸਾਹਿਬ ਦੇ ਅਕਾਊਂਟੈਂਟ ਚਰਨਜੀਤ ਸਿੰਘ, ਇੰਸਪੈਕਟਰ ਅੰਗਰੇਜ ਸਿੰਘ, ਇੰਸਪੈਕਟਰ ਸੁਖਦੇਵ ਸਿੰਘ, ਰਿਕਾਰਡਕੀਪਰ ਸੁਖਵੀਰ ਸਿੰਘ, ਖਜਾਨਚੀ ਜਸਵੀਰ ਸਿੰਘ, ਪਰਮਿੰਦਰ ਸਿੰਘ, ਗੁਰਸਾਹਿਬ ਸਿੰਘ, ਬਲਜੀਤ ਸਿੰਘ, ਕਸ਼ਮੀਰ ਸਿੰਘ ਤੇ ਜਸਵਿੰਦਰ ਸਿੰਘ ਵੀ ਮੌਜੂਦ ਸਨ।

WRITTEN BY