ਮਲੋਟ 17 ਅਗਸਤ (ਹਰਦੀਪ ਸਿੰਘ ਖਾਲਸਾ/ਗੁਰਪ੍ਰੀਤ ਸਿੰਘ ਜੰਡੂ) ਮੁੱਖ ਮੰਤਰੀ ਪਰਿਵਾਰ ਦੇ ਲਾਡਲੇ ਸ਼ਹਿਰ ਮਲੋਟ ਜਿਸਨੂੰ ਉਹਨਾਂ ਕਦੇ ਮਿੰਨੀ ਚੰਡੀਗੜ੍ਹ ਦੇ ਨਾਅ ਨਾਲ ਸਤਿਕਾਰਿਆ ਸੀ, ਬੀਤੇ ਕਈ ਦਿਨਾਂ ਤੋਂ ਪੈ ਰਹੀ ਪੈ ਰਹੀ ਭਾਰੀ ਬਾਰਸ਼ ਦੇ ਚਲਦਿਆਂ ਸ਼ਹਿਰ ‘ਚ ਹੜ੍ਹਾ ਵਰਗੀ ਸਥਿਤੀ ਬਣ ਗਈ। ਪਾਣੀ ਦੀ ਨਿਕਾਸੀ ਕਰਨ ‘ਚ ਪਹਿਲਾਂ ਹੀ ਨਾਲਾਇਕਾਂ ਗਿਣੇ ਜਾਂਦੇ ਸੀਵਰੇਜ਼ ਵਿਭਾਗ ਦੇ ਅਧਿਕਾਰੀ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਬੇਬੱਸ ਨਜ਼ਰ ਆਏ।

ਹਾਲ ਹੀ ਵਿਚ ਸ਼ਹਿਰ ਦੇ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਲਈ ਕਰੋੜਾਂ ਰੁਪਏ ਖਰਚ ਕਰਕੇ ਵਿਛਾਈ ਗਈ ਪਾਈਪ ਲਾਈਨ ਦੇ ਬਾਵਜੂਦ ਹਰ ਪਾਸੇ ਗਲੀਆਂ, ਮੁਹੱਲਿਆਂ, ਬਜ਼ਾਰਾਂ ‘ਚ ਬਣੀਆਂ ਦੁਕਾਨਾਂ ਅਤੇ ਘਰਾਂ ਦੀਆਂ ਦਹਲੀਜ਼ਾਂ ਲੰਘ ਚੁੱਕੇ ਪਾਣੀ ਅੱਗੇ ਬੇਬੱਸ ਲੋਕ ਆਪੋ ਆਪਣੇ ਵਸੀਲਿਆਂ ਨਾਲ ਘਰਾਂ ਤੇ ਦੁਕਾਨਾਂ ‘ਚ ਵੜ੍ਹੇ ਪਾਣੀ ਨੂੰ ਬਾਹਰ ਕੱਢਦੇ ਨਜ਼ਰ ਆਏ। ਕਰੌੜਾਂ ਰੁਪਏ ਖਰਚਕੇ ਬਣੇ ਕੌਮੀ ਮਾਰਗ ਅਤੇ ਦੋਹਾਂ ਪਾਸੇ ਬਣੀ ਸਰਵਿਸ ਲਾਈਨ, ਮੇਨ ਬਜ਼ਾਰ, ਸੁਪਰ ਬਜਾਰ, ਤਹਿਸੀਲ ਰੋਡ, ਨਾਗਪਾਲ ਨਗਰੀ, ਆਦਰਸ਼ ਨਗਰੀ, ਦਵਿੰਦਰਾ ਰੋਡ, ਗੁਰੂ ਨਾਨਕ ਨਗਰੀ, ਪਟੇਲ ਨਗਰ, ਮੰਡੀ ਹਰਜੀ ਰਾਮ, ਇੰਦਰਾ ਰੋਡ, ਬਿਰਲਾ ਰੋਡ, ਅਨਾਜ਼ ਮੰਡੀ, ਬੱਸ ਅੱਡੇ ਵੀ ਬੇਹਿਸਾਬਾ ਪਾਣੀ ਜਮਾਂ ਹੋ ਗਿਆ। ਉਧਰ ਵਿਭਾਗ ਵੱਲੋਂ ਪਾਣੀ ਦੀ ਨਿਕਾਸੀ ਦੇ ਯਤਨ ਅਰੰਭ ਕੀਤੇ ਜਾਣ ਦੇ ਦਾਅਵੇ ਕਰਦਿਆਂ ਅਸਰ ਰਸੂਖ ਵਾਲੇ ਲੋਕਾਂ ਨੂੰ ਇਹ ਸਹੂਲਤ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਨੀਵੇਂ ਇਲਾਕਿਆਂ ਵਿਚ ਭਰੇ ਹੋਏ ਪਾਣੀ ਕਾਰਨ ਪੈਦਾ ਹੋਈ ਸਮੱਸਿਆ ਨਾਲ ਜੂਝ ਰਹੇ ਲੋਕ ਨੂੰ ਆਪਣੇ ਹੀ ਹਾਲਾਤ ਤੇ ਛੱਡਿਆ ਜਾ ਰਿਹਾ ਹੈ। ਸ਼ਹਿਰ ਦੀਆਂ ਨਵੀਆਂ ਬਸਤੀਆਂ ਰੂਪ ਨਗਰ, ਸੰਦੀਪ ਨਗਰ ਆਦਿ ਇਲਾਕਿਆਂ ਵਿਚ ਜਿਥੇ ਸੜਕਾਂ ਨਹੀ ਬਣੀਆਂ ਉਥੇ ਬਾਰਸ਼ਾਂ ਦਾ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਬਜ਼ਾਰਾਂ ਤੇ ਘਰਾਂ ‘ਚ ਭਰੇ ਪਾਣੀ ਕਾਰਨ ਜਨ ਜੀਵਨ ਅਸਥ ਵਿਅਸਥ ਹੋ ਕੇ ਰਹਿ ਗਿਆ ਹੈ। ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ। ਉਧਰ ਜਿਲ੍ਹਾ ਪ੍ਰਸਾਸ਼ਨ ਨੇ ਜ਼ਿਲ੍ਹਾ ਆਪਦਾ ਪ੍ਰਬੰਧਨ ਨਾਲ ਜੁੜੇ ਅਧਿਕਾਰੀਆਂ ਨਾਲ ਬੈਠਕ ਕਰਕੇ ਮੀਂਹ ਕਾਰਨ ਉਪਜੇ ਹਾਲਾਤਾਂ ਦਾ ਜਾਇਜ਼ਾਂ ਲਿਆ ਅਤੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਇਸ ਔਖੀ ਘੜੀ ਵਿਚ ਸਾਰੇ ਵਿਭਾਗਾਂ ਲੋਕਾਂ ਦੀ ਮਦਦ ਲਈ ਹਰ ਸੰਭਵ ਉਪਰਾਲੇ ਕਰਨ ਤਾਂ ਜੋ ਇਸ ਕੁਦਰਤੀ ਆਪਦਾ ਦਾ ਸਾਮੂਹਿਕ ਤੌਰ ਤੇ ਸਾਹਮਣਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਰੱਦ ਕਰਦਿਆਂ ਲਗਾਤਾਰ ਲੋਕਾਂ ਦੀ ਮਦਦ ਕਰਨ ਦੇ ਨਿਰਦੇਸ਼ ਅਧਿਕਾਰੀਆਂ ਨੂੰ ਦਿੰਦਿਆਂ ਕਿਹਾ ਕਿ ਸਾਰੇ ਸਰਕਲ ਮਾਲ ਅਫ਼ਸਰ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸਿੰਚਾਈ ਅਤੇ ਡ੍ਰੇਨੇਜ਼ ਵਿਭਾਗ ਦਾ ਸਟਾਫ ਮੋਬਾਇਲ ਰਹੇਗਾ ਅਤੇ ਇਹ ਆਪੋ ਆਪਣੇ ਖੇਤਰ ਦੀ ਰਿਪੋਟ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਭੇਜਣਗੇ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਇਸ ਮੁਸਕਿਲ ਘੜੀ ਵਿਚ ਲੋਕ ਇੱਕਲੇ ਨਹੀਂ ਹਨ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਨਾਲ ਲੋਕਾਂ ਦੇ ਨਾਲ ਹੇ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਵਿਚ ਜਮਾਂ ਹੋਏ ਪਾਣੀ ਦੀ ਨਿਕਾਸੀ ਦੇ ਜਲਦੀ ਹੀ ਯਤਨ ਅਰੰਭ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਮਿੰਨੀ ਚੰਡੀਗੜ੍ਹ (ਮਲੋਟ) ‘ਚ ਹੜ੍ਹਾਂ ਵਰਗੀ ਸਥਿਤੀ ਬਣੀ



