Skip to content
Independent perspectives. Global stories.
BREAKING

ਕਾਂਗਰਸ ਵੱਲੋਂ ਬੇਅਦਬੀ ਦੇ ਮੁੱਦੇ ’ਤੇ ਖਡੂਰ ਸਾਹਿਬ ਚੋਣ ਦਾ ਬਾਈਕਾਟ

Share this story

85
ਚੰਡੀਗੜ੍ਹ, 27 ਜਨਵਰੀ (ਪੀ. ਟੀ. ਲਾਈਵ)- ਕਾਂਗਰਸ ਨੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਇੱਕ ਮੁੱਦਾ ਬਣਾਉਂਦੇ ਹੋਏ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ ਨਾ ਲੜਣ ਦਾ ਫੈਸਲਾ ਲਿਆ ਹੈ। ਇਸ ਗੱਲ ਦਾ ਐਲਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਖਡੂਰ ਸਾਹਿਬ ਹਲਕੇ ਵਿੱਚ ਕਾਗਜ਼ ਭਰਨ ਦਾ ਅੱਜ ਆਖਰੀ ਦਿਨ ਸੀ। ਕੈਪਟਨ ਨੇ ਇਸ ਦੌਰਾਨ ਆਖਿਆ ਹੈ ਕਿ ਕਾਂਗਰਸ ਦੇ ਵਿਧਾਇਕ ਸ. ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜਿਸ ਮੁੱਦੇ ਨੂੰ ਲੈ ਕੇ ਅਸਤੀਫਾ ਦਿੱਤਾ ਸੀ, ਉਹ ਮੁੱਦਾ ਅਜੇ ਕਾਇਮ ਹੈ ਅਤੇ ਅਕਾਲੀ ਭਾਜਪਾ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਨੂੰ ਇੱਕ ਮੁੱਦਾ ਬਣਾਉਂਦੇ ਹੋਏ ਖਡੂਰ ਸਾਹਿਬ ਹਲਕੇ ਦੀ ਜ਼ਿਮਨੀ ਚੋਣ ’ਚ ਸ. ਸਿੱਕੀ ਨੂੰ ਮੁੜ ਚੋਣ ਮੈਦਾਨ ’ਚ ਉਤਾਰਨ ਤੋਂ ਨਾਂਹ ਕਰ ਦਿੱਤੀ ਹੈ। ਬੇਸ਼ੱਕ ਕਾਂਗਰਸ ਹਾਈਕਮਾਨ ਨੇ ਸ. ਸਿੱਕੀ ਦੀ ਉਮੀਦਵਾਰੀ ਨੂੰ ਪ੍ਰਵਾਨ ਕਰ ਲਿਆ ਸੀ, ਪ੍ਰੰਤੂ ਐਨ ਆਖਰੀ ਮੌਕੇ ਕਾਂਗਰਸ ਹਾਈਕਮਾਨ ਨੇ ਸ. ਸਿੱਕੀ ਦੀ ਗੁਰਸਿੱਖੀ ਨੂੰ ਸਲਾਮ ਕਰਦੇ ਹੋਏ ਖਡੂਰ ਸਾਹਿਬ ਹਲਕੇ ਤੋਂ ਚੋਣ ਨਾ ਲੜਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਹੁਣ ਖਡੂਰ ਸਾਹਿਬ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਆਜ਼ਾਦ ਉਮੀਦਵਾਰਾਂ ਨਾਲ ਚੋਣ ਮੁਕਾਬਲਾ ਕਰਨਾ ਹੋਵੇਗਾ। ਪੰਜਾਬ ਵਿੱਚ ਸੱਤਾ ਦੀ ਇੱਕ ਹੋਰ ਦਾਅਵੇਦਾਰ ਆਮ ਆਦਮੀ ਪਾਰਟੀ ਪਹਿਲਾਂ ਹੀ ਇਹ ਚੋਣ ਲੜਣ ਤੋਂ ਇਨਕਾਰ ਕਰ ਚੁੱਕੀ ਹੈ।
ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਖਡੂਰ ਸਾਹਿਬ ਹਲਕੇ ਤੋਂ ਸੰਭਾਵੀ ਉਮੀਦਵਾਰ ਸ. ਸਿੱਕੀ ਮੌਜੂਦਾ ਹਾਲਾਤਾਂ ਵਿੱਚ ਖੁਦ ਵੀ ਚੋਣ ਲੜਣ ਦੇ ਚਾਹਵਾਨ ਨਹੀਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਤੱਕ ਚੋਣ ਲੜਣਾ ਸਹੀ ਨਹੀਂ ਹੋਵੇਗਾ।ਉਂਝ ਵੀ ਸ. ਸਿੱਕੀ ਹਰ ਸਾਲ ਜਨਵਰੀ ਦਾ ਪੂਰਾ ਮਹੀਨਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਵਿੱਚ ਲਾਉਂਦੇ ਹਨ। ਇਸ ਦੌਰਾਨ ਉਹ ਇੱਕ ਪਲ ਲਈ ਵੀ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀਂ ਜਾਂਦੇ। ਜੇਕਰ ਉਹ ਖਡੂਰ ਸਾਹਿਬ ਦੀ ਚੋਣ ਲੜਦੇ ਤਾਂ ਉਨ੍ਹਾਂ ਨੂੰ ਆਪਣਾ ਇਹ ਪ੍ਰਣ ਤੋੜ ਕੇ ਕਾਗਜ਼ ਭਰਨ ਲਈ ਜਾਣਾ ਪੈਣਾ ਸੀ। ਸ. ਸਿੱਕੀ ਦੇ ਨੇੜਲੇ ਹਲਕਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੂਰਤ ਵਿੱਚ ਆਪਣੇ ਇਹ ਧਾਰਮਿਕ ਪ੍ਰਣ ਨੂੰ ਤੋੜਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦੀ ਗੁਰਿਸੱਖੀ ਸ਼ਰਧਾ ਅੱਗੇ ਕਾਂਗਰਸ ਦੀ ਕੋਈ ਪੇਸ਼ ਨਹੀਂ ਗਈ।ਕੈਪਟਨ ਅਮਿਰੰਦਰ ਸਿੰਘ ਅਤੇ ਦੂਸਰੇ ਨੇਤਾ ਸ. ਸਿੱਕੀ ਨੂੰ ਮਜਬੂਰ ਕਰਨ ਲਈ ਰਾਜ਼ੀ ਨਹੀਂ ਸਨ। ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਬੇਅਦਬੀ ਦੇ ਮੁੱਦੇ ਉੱਪਰ ਅਕਾਲੀ ਦਲ ਨੂੰ ਘੇਰਨ ਲਈ ਖਡੂਰ ਸਾਹਿਬ ਹਲਕੇ ਦੀ ਚੋਣ ਨਾ ਲੜਣ ਦਾ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਸ. ਸਿੱਕੀ ਨੇ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।ਸਿੱਕੀ ਦੇ ਅਸਤੀਫ਼ੇ ਤੋਂ ਬਾਅਦ ਸਿੱਖ ਜਗਤ ਵਿੱਚ ਉਨ੍ਹਾਂ ਦੇ ਇਸ ਕਦਮ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ
ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਪਹਿਲਾਂ ਹੀ ਆਪਣੀ ਨਾਮਜ਼ਦਗੀ ਦਾਖ਼ਲ ਕਰ ਚੁੱਕੇ ਹਨ। ਉਹਨਾਂ ਦਾ ਮੁਕਾਬਲਾ ਹੁਣ ਆਜ਼ਾਦ ਉਮੀਦਵਾਰ ਬਲਦੀਪ ਸਿੰਘ ਨਾਲ ਦੇਖਿਆ ਜਾ ਰਿਹਾ ਹੈ। ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਵਾਲੇ ਬਲਦੀਪ ਸਿੰਘ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਹਨ ਤੇ ਉਨ੍ਹਾਂ ਨੂੰ ਯੋਗੇਂਦਰ ਯਾਦਵ ਦੀ ਸਵਰਾਜ ਲਹਿਰ ਦਾ ਸਮਰਥਨ ਮਿਲਿਆ ਹੈ।

WRITTEN BY