ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਤਰੁੰਤ ਧਿਆਨ ਦੇਣ ਲਈ ਮੰਗ ਪੱਤਰ
ਚੰਡੀਗੜ੍ਹ, 27 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀ.ਐਮ.ਐਫ.ਬੀ.ਵਾਈ.) ਵਿੱਚ ਕੁਝ ਸੋਧਾਂ ਪ੍ਰਵਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਨੂੰ ਹੋਰ ਵੀ ਜ਼ਿਆਦਾ ਕਿਸਾਨ ਪੱਖੀ ਅਤੇ ਨਤੀਜਾ ਮੁੱਖੀ ਬਣਾਿੲਆ ਜਾ ਸਕੇ। ਸ੍ਰੀ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੁੱਖ ਮੰਤਰੀ ਨੇ ਕੁਦਰਤੀ ਆਫਤਾ, ਕੀਟਨਾਸ਼ਕਾਂ ਅਤੇ ਬਿਮਾਰੀਆਂ ਦੇ ਨਤੀਜੇ ਵਜੋਂ ਕਿਸੇ ਵੀ ਨੋਟੀਫਾਈ ਫਸਲ ਦੇ ਮਾਰੇ ਜਾਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਬੀਮਾ ਕਵਰ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਾਸਤੇ ਨਵੀਂ ਸ਼ੁਰੂ ਕੀਤੀ ਗਈ ਸਕੀਮ ਉਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਇਹ ਨਵੀਂ ਸਕੀਮ ਅਗਾਂਹਵਧੂ ਕਦਮ ਹੈ ਤੇ ਪਹਿਲੀ ਸਕੀਮ ਦੇ ਮੁਕਾਬਲੇ ਇਹ ਸਕੀਮ ਕਾਫੀ ਸੋਧੀ ਗਈ ਹੈ ਪਰ ਇਹ ਅਜੇ ਵੀ ਕਿਸਾਨਾਂ ਦੀਆਂ ਖਾਹਿਸ਼ਾਂ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਬਾਕੀ ਦੇਸ਼ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 98 ਫੀਸਦੀ ਕਾਸ਼ਤਯੋਗ ਇਲਾਕਾ ਸਿੰਚਾਈ ਦੇ ਹੇਠ ਹੈ ਤੇ ਸੂਬੇ ਨੂੰ ਦਰਪੇਸ਼ ਕੁਦਰਤੀ ਆਫਤਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਨੂੰ ਵੱਡੇ ਨਿਵੇਸ਼ ਅਤੇ ਖਰਚ ਕਰਕੇ ਹਰ ਹਾਲ ਵਿੱਚ ਬਚਾਇਆ ਜਾਂਦਾ ਹੈ।
ਮੁੱਖ ਮੰਤਰੀ ਨੇ ਪੰਜਾਬ ਦੇ ਵਾਸਤੇ ਨੁਕਸਾਨ ਦੀ ਜ਼ਿਆਦਾ ਪੂਰਤੀ ਦੀ ਵਕਾਲਤ ਕੀਤੀ ਕਿਉਂਕਿ ਖੇਤੀਬਾੜੀ ਵਿੱਚ ਇਸ ਦੀ ਵਿਸ਼ੇਸ਼ ਅਤੇ ਵੱਖਰੇ ਤਰ੍ਹਾਂ ਦੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਨੂੰ 90 ਫੀਸਦੀ ਦੇ ਉਤੇ ਰੱਖਿਆ ਗਿਆ ਹੈ ਪਰ ਇਸ ਨੂੰ ਪ੍ਰਭਾਵਿਤ ਕਿਸਾਨ ਦੇ ਪਿਛਲੇ ਸਾਲ ਦੇ ਝਾੜ ਦੇ ਅਧਾਰਤ ਰੱਖਿਆ ਜਾਣਾ ਚਾਹੀਦਾ ਹੈ। ਇਸ ਕਦਮ ਨਾਲ ਸਵੈ-ਇੱਛਾ ਦੇ ਅਧਾਰ ਉਤੇ ਹੋਰ ਕਿਸਾਨਾਂ ਨੂੰ ਇਸ ਹੇਠ ਕਵਰ ਕਰਨ, ਕੁਦਰਤੀ ਆਫਤ ਰਾਹਤ ਮੁਹੱਈਆ ਕਰਵਾਉਣ ਦੇ ਲਈ ਸਰਕਾਰ ਦੇ ਯੋਗਦਾਨ ਨੂੰ ਘਟਾਉਣ ਦੀ ਮਦਦ ਮਿਲੇਗੀ ਨਹੀਂ ਤਾਂ ਇਸ ਦੇ ਲਗਾਤਾਰ ਬਿਨਾ ਰੋਕ ਵਧਦੇ ਜਾਣ ਦੀ ਸੰਭਾਵਨਾ ਹੈ।



