ਜਲੰਧਰ, 29 ਅਕਤੂਬਰ (ਪੀ. ਟੀ. ਬਿਊਰੋ)- ਐਸਜੀਐਲ ਟਰੱਸਟ ਦੇ ਬਾਨੀ ਚੇਅਰਮੈਨ ਅਤੇ ਪ੍ਰਮੁੱਖ ਧਾਰਮਿਕ ਆਗੂ ਬਾਬਾ ਕਸ਼ਮੀਰਾ ਸਿੰਘ ਜੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਮੌਜੂਦਾ ਸੰਕਟ ’ਚੋਂ ਕੱਢਣ ਲਈ ਇੱਕ ਮਰਦ ਦੀ ਲੋੜ ਹੈ। ਉਹ ਅੱਜ ਇੱਥੇ ਪੰਜਾਬ ਟਾਇਮਜ਼ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰ ਰਹੇ ਸਨ। ਬਾਬਾ ਜੀ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਦੀ ਬੇਅਦਬੀ ਨੂੰ ਰੋਕਣ ਲਈ ਉਹ ਆਪਣੀ ਜਾਨ ’ਤੇ ਖੇਡ ਸਕਦੇ ਹਨ। ਬਾਬਾ ਜੀ ਨੂੰ ਗੁਰਬਾਣੀ ਦੀ ਡੂੰਘੀ ਸਮਝ ਹੈ ਅਤੇ ਉਹ ਦਹਾਕਿਆਂ ਤੋਂ ਗੁਰਬਾਣੀ ਅਧਾਰਿਤ ਕਥਾ ਕਰਦੇ ਆ ਰਹੇ ਹਨ। ਬਾਬਾ ਜੀ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋੜਿੰਦੀ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਗ੍ਰਹਿ ਵਿਭਾਗ ਦਾ ਕੰਮ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘਬਾਦਲ ਨੂੰ ਖੁਦ ਦੇਖਣਾ ਚਾਹੀਦਾ ਹੈ। ਬਾਬਾ ਜੀ ਦਾ ਕਹਿਣਾ ਹੈ ਕਿ ਪੰਜਾਬ ਨੂੰ ਸਾਰੇ ਖੇਤਰਾਂ ਵਿੱਚ ਮੋਹਰੀ ਬਣਾਉਣ ਲਈ ਇੱਕ ਨਵੀਂ ਸੋਚ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਮੁੱਦਿਆਂ ਉ¤ਪਰ ਫੌਰੀ ਫੈਸਲੇ ਲੈਣੇ ਸਮੇਂ ਦੀ ਲੋੜ ਹੈ। ਇਨ੍ਹਾਂ ਮਸਲਿਆਂ ਨੂੰ ਲਮਕਾਉਣ ਨਾਲ ਹੀ ਸਮਾਜ ਵਿੱਚ ਬੇਚੈਨੀ ਵਧ ਰਹੀ ਹੈ। ਇਥੇ ਜ਼ਿਕਰਯੋਗ ਹੈ ਕਿ ਬਾਬਾ ਜੀ ਵੱਡੇ ਸੇਵਾ ਕਾਰਜਾਂ ਵਿੱਚ ਲਗੇ ਹੋਏ ਹਨ। ਉਨ੍ਹਾਂ ਨੇ 2004 ਵਿੱਚ ਆਪਣੀ ਸਾਰੀ ਜਾਇਦਾਦ ਪਬਲਿਕ ਟਰੱਸਟ ਦੇ ਨਾਮ ਕਰ ਦਿੱਤੀ ਸੀ। ਬਾਬਾ ਜੀ ਵੱਲੋਂ ਲੋਕਾਂ ਦੀ ਭਲਾਈ ਲਈ ਕਈ ਹਸਪਤਾਲ ਅਤੇ ਵਿਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਬਾਬਾ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਜਲਦ ਹੀ ਪੰਜਾਬ ਵਿੱਚ ਇੱਕ ਵਖਰੀ ਕਿਸਮ ਦੀ ਮੈਡੀਕਲ ਸੰਸਥਾ ਕਾਇਮ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਇਲਾਜ ਸਹੂਲਤਾਂ ਲਈ ਕਿਧਰੇ ਵੀ ਨਹੀਂ ਜਾਣਾ ਪਵੇਗਾ। ਉਨ੍ਹਾਂ ਇਸ ਯੋਜਨਾ ਦਾ ਹਾਲੇ ਪੂਰਾ ਖੁਲਾਸਾ ਨਹੀਂ ਕੀਤਾ। ਉਨ੍ਹਾਂ ਮੁਤਾਬਿਕ ਇਸ ਯੋਜਨਾ ਲਈ ਵਿਦੇਸ਼ੀ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਇਹ ਸੰਸਥਾ ਵਿਦੇਸ਼ੀ ਮਿਆਰ ਦੀ ਹੀ ਹੋਵੇਗੀ।



