ਨਵੀਂ ਦਿੱਲੀ, 5 ਸਤੰਬਰ (ਪੀ. ਟੀ. ਲਾਇਵ)- ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਸਾਬਕਾ ਫੌਜੀਆਂ ਦੀ ਲੰਬਿਤ ਮੰਗ ਵਨ ਰੈਂਕ-ਵਨ ਪੈਨਸ਼ਨ ਦਾ ਐਲਾਨ ਕਰ ਦਿੱਤਾ।ਇਕ ਪ੍ਰੈਸ ਕਾਨਫਰੰਸ ’ਚ ਇਸ ਦਾ ਐਲਾਨ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਮੰਗ ਚਾਰ ਦਹਾਕਿਆਂ ਤੋਂ ਲੰਬਿਤ ਸੀ।ਇਸ ’ਤੇ 8 ਤੋਂ 10 ਹਜ਼ਾਰ ਕਰੋੜ ਦਾ ਸਾਲਾਨਾ ਖਰਚਾ ਹੋਵੇਗਾ।4 ਕਿਸ਼ਤਾਂ ’ਚ ਬਕਾਇਆ ਪੈਸਾ ਮਿਲੇਗਾ।ਹਾਲਾਂਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਕਿਸ਼ਤ ’ਚ ਬਕਾਇਆ ਦੇ ਦਿੱਤਾ ਜਾਵੇਗਾ।ਸਾਬਕਾ ਫੌਜੀਆਂ ਨੂੰ 1 ਜੁਲਾਈ 2014 ਤੋਂ ਇਸ ਦਾ ਲਾਭ ਮਿਲੇਗਾ।ਵੀ.ਆਰ.ਐਸ. ਲੈਣ ਵਾਲੇ ਫੌਜੀਆਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ।ਹਰ ਪੰਜ ਸਾਲ ’ਚ ਪੈਨਸ਼ਨ ਦੀ ਸਮੀਖਿਆ ਹੋਵੇਗੀ।ਸਾਬਕਾ ਫੌਜੀ ਸਰਕਾਰ ਦੇ ਫੈਸਲੇ ਤੋਂ ਬਹੁਤੇ ਖੁਸ਼ ਦਿਖਾਈ ਨਹੀਂ ਦੇ ਰਹੇ।ਉਨ੍ਹਾਂ ਨੇ ਵੀ.ਆਰ.ਐਸ. ਦੇ ਮੁੱਦੇ ’ਤੇ ਸਰਕਾਰ ਤੋਂ ਸਫਾਈ ਮੰਗੀ ਹੈ ਤੇ ਕਿਹਾ ਕਿ ਵੀ.ਆਰ.ਐਸ. ਲੈਣ ਵਾਲੇ ਫੌਜੀਆਂ ਨੂੰ ਇਸ ਦਾ
ਲਾਭ ਨਾ ਦਿੱਤਾ ਜਾਣਾ ਉਨ੍ਹਾਂ ਨੂੰ ਮਨਜੂਰ ਨਹੀਂ।ਇਸ ਦੇ ਨਾਲ ਹੀ ਸਾਬਕਾ ਫੌਜੀਆਂ ਨੇ ਇਕ ਮੈਂਬਰੀ ਕਮਿਸ਼ਨ ਨੂੰ ਨਾਮਨਜੂਰ ਕੀਤਾ ਹੈ।ਸਾਬਕਾ ਫੌਜੀਆਂ ਨੇ 5 ਮੈਂਬਰੀ ਕਮੇਟੀ ਦੀ ਮੰਗ ਕੀਤੀ ਹੈ।ਇਸ ਕਮਿਸ਼ਨ ਨੂੰ 6 ਮਹੀਨੇ ਨਹੀਂ ਸਿਰਫ 30 ਦਿਨ ਮਿਲੇ ਹਨ।ਸਾਬਕਾ ਫੌਜੀਆਂ ਨੇ ਕਿਹਾ ਹੈ ਕਿ ਪੰਜ ਸਾਲ ‘ਤੇ ਸਮੀਖਿਆ ਵੀ ਮਨਜੂਰ ਨਹੀਂ ਹੈ।ਸਾਬਕਾ ਫੌਜੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦਾ ਸਿਰਫ ਇਕ ਪੁਆਇੰਟ ਮੰਨਿਆ ਹੈ, 6 ਨਹੀਂ ਮੰਨੇ। ਇਸ ਕਾਰਨ ਸਾਬਕਾ ਫੌਜੀ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।



