ਨਵੀਂ ਦਿੱਲੀ/ਚੰਡੀਗੜ੍ਹ/ਜਲੰਧਰ 5 ਸਤੰਬਰ- ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਹੁਨਰ ਵਿਕਾਸ ਨੂੰ ਉੱਦਮ ਵਿਚ ਤਬਦੀਲ ਕਰਨ ਦੇ ਮੰਤਵ ਨਾਲ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਤਹਿਤ 11 ਸੂਬਿਆਂ ਵਿਚ 30 ਕੇਂਦਰਾਂ ਦੀ ਸ਼ੁਰੂਆਤ ਕੀਤੀ ਹੈ। ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਦੀ ਹਾਜ਼ਰੀ ਵਿਚ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਹੋਏ ਸ੍ਰੀਮਤੀ ਬਾਦਲ ਨੇ ਕਿਹਾ ਕਿ ਦੇਸ਼ ਨੂੰ ਸੁਪਰ ਪਾਵਰ ਦੇ ਤੌਰ ’ਤੇ ਵਿਕਸਤ ਕਰਨ ਲਈ ਜ਼ਰੂਰੀ ਹੈ ਕਿ ਦੇਸ਼ ਵਿਚ ਹੁਨਰਮੰਦ ਵਿਅਕਤੀਆਂ ਦਾ ਇਕ ਵੱਡਾ ਸਮੂਹ ਪੈਦਾ ਕੀਤਾ ਜਾਵੇ। ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਉਦਯਗ ਤੇ ਵਿਸ਼ੇਸ਼ ਕਰਕੇ ਬੇਕਰੀਜ਼ ਨੂੰ ਸੱਦਾ ਦਿੱਤਾ ਕਿ ਉਹ ਹੁਨਰਮੰਦਾਂ ਦੇ ਉੱਦਮੀਆਂ ਵਜੋਂ ਉਭਰਨ ਲਈ ਮੋਹਰੀ ਭੂਮਿਕਾ ਨਿਭਾਉਣ ਅਤੇ ਇਸ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰੋਸੈਸ ਕੀਤੇ ਭੋਜਨ ਵਿਚ ਜ਼ਰੂਰੀ ਵਿਟਾਮਨਾਂ ਤੇ ਮਿਨਰਲਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਗੁਣਵੱਤਾ ਦੇਉੱਚ ਮਾਪਦੰਡ ਸਥਾਪਿਤ ਕਰਕੇ ਅੰਤਰਰਾਸ਼ਟਰੀ ਪੱਧਰ ’ਤੇ ‘ਬਰੈਂਡ ਇੰਡੀਆ’ ਦੀ ਸਾਖ ਸਥਾਪਿਤ ਕੀਤੀ ਜਾ ਸਕੇ। ਸ੍ਰੀਮਤੀ ਬਾਦਲ ਨੇ ਸਿਖਿਆਰਥੀਆਂ ਨੂੰ ਵੀ ਇਹ ਸੱਦਾ ਦਿੱਤਾ ਕਿ ਉਹ ਮੁਦਰਾ ਬੈਂਕ ਤੇ ਹੋਰ ਵਿੱਤੀ ਸੰਸਥਾਵਾਂ ਤੋਂ ਸਹਾਇਤਾ ਪ੍ਰਾਪਤ ਕਰਕੇ ਉੱਦਮੀ ਬਣਨ ਤਾਂ ਜੋ ਭਵਿੱਖ ਵਿਚ ਰੁਜ਼ਗਾਰ ਪੈਦਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ‘ਸਕਿੰਲਿੰਗ ਇੰਡੀਆ’ ਦੀ ਸ਼ੁਰੂਆਤ ਕਰਨ ਸਬੰਧੀ ਉਨ੍ਹਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਸਬੰਧੀ ਪਾਠਕ੍ਰਮ ਵਿਚ ਉੱਦਮ ਤੇ ਉੱਦਮੀਆਂ ਨੂੰ ਢੁੱਕਵੀਂ ਜਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਤਹਿਤ ਫੂਡ ਇੰਡਸਟਰੀ ਕਪੈਸਟੀ ਐਂਡ ਸਕਿਲ ਇਨੀਸੀਇਟੇਵ ਵਲੋਂ ਇਸ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦੇ ਹੋਏ ਸਾਧਵੀ ਨਿਰੰਜਨ ਜਯੋਤੀ ਨੇ ਕਿਹਾ ਕਿ ਭੋਜਨ, ਫਲਾਂ, ਤੇ ਸਬਜ਼ੀਆਂ ਦੇ ਮੋਹਰੀ ਉਤਪਾਦਕ ਹੋਣ ਕਰਕੇ ਭਾਰਤ ਵਿਚ ਫੂਡ ਪ੍ਰੋਸੈਸਿੰਗ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਖਾਣ ਲਈ ਤਿਆਰ ਉਤਪਾਦ ਤਿਆਰ ਕਰਨ ਦੇ ਨਾਲ-ਨਾਲ ਰੁਜ਼ਗਾਰ ਵੀ ਪੈਦਾ ਕੀਤਾ ਜਾ ਸਕੇ। ਇਸ ਮੌਕੇ ਸਿਰਾਜ ਚੌਧਰੀ ਪ੍ਰਧਾਨ ਫੂਡ ਇੰਡਸਟਰੀ ਕਪੈਸਟੀ ਐਂਡ ਸਕਿਲ ਇਨੀਸੀਇਟੇਵ ਨੇ ਹੁਨਰਮੰਦ ਭਾਰਤ ਦੇ ਵਿਕਾਸ ਵਿਚ ਫੂਡ ਪ੍ਰੋਸੈਸਿੰਗ ਮੰਤਰਾਲੇ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।



