ਫਰੀਦਕੋਟ, 13 ਅਗਸਤ (ਸਰਬਜੀਤ ਸਿੰਘ)- ਕਿਸਾਨ ਜੋ ਪਹਿਲਾਂ ਹੀ ਗਰੀਬੀ ਤੇ ਮੰਦਹਾਲੀ ਤੇ ਕੁਦਰਤ ਦੀ ਕਰੋਪੀ ਦੀ ਚੱਕੀ ਵਿੱਚ ਪਿਸ ਰਿਹਾ ਹੈ ਜੇਕਰ ਉਸ ਦੀ ਉਪਜਾਊ ਜ਼ਮੀਨ ਸਰਕਾਰ ਲੈ ਲਵੇ ਤੇ ਬਦਲੇ ਵਿੱਚ ਉਨ੍ਹਾਂ ਨੂੰ ਮੁਆਵਜ਼ੇ ਦੇ ਸਮੇਂ ਸਿਰ ਪੈਸੇ ਵੀ ਨਾ ਮਿਲਣ ਤਾਂ ਕਿਸਾਨਾ ਵਿਚਾਰੇ ਕੀ ਕਰਨਗੇ? ਇਹ ਸਵਾਲ ਅੱਜ ਪਿੰਡ ਭਾਗਥਲਾ ਕਲਾਂ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਕੀਤਾ। ਇਸ ਸਮੇਂ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਕਿ ਪਿੰਡ ਪਿਪਲੀ ਤੋਂ ਭਾਗਥਲ ਕਲਾਂ ਤੱਕ ਲਗਭਗ 7 ਸਾਲ ਪਹਿਲਾਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਸੜਕ ਦਾ ਨਿਰਮਾਣ ਕੀਤਾ ਗਿਆ ਤੇ ਸੜਕ ਨਾਲ ਲੱਗਦੇ ਕੁੱਝ ਕਿਸਾਨਾਂ ਦੀ ਜ਼ਮੀਨ ਸੜਕ ਨਿਰਮਾਣ ਲਈ ਐਕੁਆਇਰ ਕੀਤਾ ਗਈ
ਉਸ ਸਮੇਂ ਵਿਸ਼ਵਾਸ ਦਿਵਾਇਆ ਗਿਆ ਕਿ ਇਸ ਦਾ ਮੁਆਵਜ਼ਾ ਦਿੱਤਾ ਜਾਵੇਗਾ। ਪਰ ਅੱਜ ਇੰਨ੍ਹੇ ਸਾਲਾਂ ਬਾਅਦ ਵੀ ਪੀੜਿਤ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਸਬੰਧੀ ਖੁਦ ਕਿਸਾਨਾਂ ਨੇ ਅਤੇ ਗ੍ਰਾਮ ਪੰਚਾਇਤ ਨੇ ਵੀ ਸਬੰਧਤ ਮਹਿਕਮੇ ਕੋਲ ਪਹੁੰਚ ਕੀਤੀ ਪਰ ਨਤੀਜਾ ਸਿਫਰ ਹੀ ਨਿਕਲਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਮੈਂਬਰ ਪੰਚਾਇਤ, ਸਰਬਜੀਤ ਸਿੰਘ ਮੈਂਬਰ ਪੰਚਾਇਤ, ਸਾਧੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਿਸ਼ੇ ਦੇ ਸਬੰਧ ਵਿੱਚ ਪੀੜਿਤ ਕਿਸਾਨਾਂ ਦੀ ਸਮੱਸਿਆ ਅਫਸਰਾਂ ਕੋਲ ਨਿੱਜੀ ਪਹੁੰਚ ਕਰਕੇ ਦੱਸੀ ਹੈ ਪਰ ਅਜੇ ਫੋਕੇ ਲਾਰਿਆਂ ਤੋਂ ਬਿਨ੍ਹਾਂ ਕੁੱਝ ਨਹੀਂ ਮਿਲਿਆ। ਜਦੋਂ ਸਬੰਧਤ ਵਿਭਾਗ ਤੋਂ ਇਸ ਸਬੰਧੀ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਕੇਸ ਬਣਾ ਕੇ ਚੰਡੀਗੜ੍ਹ ਭੇਜ ਦਿੱਤਾ ਹੈ ਤੇ ਜਲਦ ਹੀ ਮੁਆਵਜ਼ਾ ਦੇ ਦਿੱਤਾ ਜਾਵੇਗਾ। ਇਹੀ ਜਵਾਬ ਲਗਾਤਾਰ ਪਿਛਲੇ 6-7 ਮਹੀਨਿਆਂ ਤੋਂ ਮਿਲ ਰਿਹਾ ਹੈ ਕੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਕਿਸਾਨਾਂ ਉੱਪਰ ਤਰਸ ਨਹੀਂ ਆ ਰਿਹਾ ਸੋ ਇਕ ਵਾਰ ਫਿਰ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਬਣਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਤੇ ਸਮਾਜ ਦੀ ਹਾਲਤ ਸੁਧਾਰ ਸਕਣ ਇਸ ਸਮੇਂ ਪੀੜਿਤ ਕਿਸਾਨਾਂ ਤੋਂ ਇਲਾਵਾ ਪਿੰਡ ਦੇ ਮੁਹਤਵਾਰ ਵਿਅਕਤੀ ਮਹਿੰਦਰ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਰਾਜਾ, ਸੁਖਚੈਨ ਸਿੰਘ, ਜਗਸੀਰ ਸਿੰਘ ਬਿੱਟੂ, ਅਮਰਜੀਤ ਸਿੰਘ, ਆਗਿਆਕਾਰ ਸਿੰਘ ਨੰਬਰਦਾਰ ਤੇ ਪਿੰਡ ਦੇ ਵਸਨੀਕ ਹਾਜ਼ਰ ਸਨ।



