Skip to content
Independent perspectives. Global stories.
BREAKING

ਪੰਜਾਬ ਸਰਕਾਰ ਦੇ ਫਰਦ ਕੇਂਦਰ ਸੂਬਾ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਲਈ ਬਣੇ ਵਰਦਾਨ

Share this story

ਬਠਿੰਡਾ, 15 ਜੁਲਾਈ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਵਲੋਂ ਸੂਬੇ ਵਿਚ ਮਾਲੀ ਰਿਕਾਰਡ ਉਪਲਬੱਧ ਕਰਵਾਉਣ ਲਈ ਖੋਲ੍ਹੇ ਗਏ ਫਰਦ ਕੇਂਦਰ ਜਿੱਥੇ ਸੂਬਾ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੇ ਹਨ, ਉਥੇ ਪ੍ਰਵਾਸੀ ਭਾਰਤੀਆਂ ਦੀ ਵੀ ਬਾਂਹ ਫੜ ਰਹੇ ਹਨ ਕਿਉਂਕਿ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਕੰਪਿਊਟਰਾਈਜ਼ਡ ਹੋਣ ਨਾਲ ਹੁਣ ਪ੍ਰਵਾਸੀ ਭਾਰਤੀ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਬੈਠ ਕੇ ਆਪਣੀ ਜਾਇਦਾਦ ਦੇ ਰਿਕਾਰਡ ਨੂੰ ਇੰਟਰਨੈਟ ’ਤੇ ਦੇਖ ਸਕਦੇ ਹਨ।ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਬਠਿੰਡਾ ਵਿਖੇ 9 ਫਰਦ ਕੇਂਦਰ ਹਨ, ਜਿਨ੍ਹਾਂ ’ਚ 15 ਜਨਵਰੀ ਤੋਂ 30 ਜੂਨ ਤੱਕ 105364 ਫ਼ਰਦ ਦੀਆਂ ਨਕਲਾਂ ਦਿੱਤੀਆਂ ਗਈਆਂ ਅਤੇ 1.15 ਕਰੋੜ ਰੁਪਏ ਫੀਸ ਪ੍ਰਾਪਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰਾਂ ਰਾਹੀਂ

ਫਰਦ ਦੀ ਕਾਪੀ ਲੈਣ ਵਾਲੇ ਵਿਅਕਤੀ ਨੂੰ 20 ਮਿੰਟਾਂ ਵਿਚ ਹੀ ਕਾਪੀ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ, ਜਿਸ ਕਰਕੇ ਉਸਦੇ ਸਮੇਂ ਦੀ ਬਰਬਾਦੀ ਨਹੀਂ ਹੁੰਦੀ।  ਪੰਜਾਬ ਸਰਕਾਰ ਵਲੋਂ ਸੂਬੇ ਵਿਚ ਲਾਗੂ ਸੇਵਾ ਦੇ ਅਧਿਕਾਰ ਐਕਟ ਤਹਿਤ ਅਰਜ਼ੀ ਮਿਲਣ ਦੇ ਇਕ ਦਿਨ ਦੇ ਅੰਦਰ-ਅੰਦਰ ਜ਼ਮੀਨ ਦੇ ਰਿਕਾਰਡ ਦੀ ਤਸਦੀਕਸ਼ੁਦਾ ਕਾਪੀ ਦੇਣੀ ਹੁੰਦੀ ਹੈ, ਪਰ ਬਠਿੰਡਾ ਦੇ ਫਰਦ ਕੇਂਦਰ ਵਿਖੇ ਇਹ ਕਾਪੀ ਕੇਵਲ 20 ਮਿੰਟਾਂ ਦੇ ਅੰਦਰ ਹੀ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 9 ਫਰਦ ਕੇਂਦਰਾਂ ਵਿਚ ਜਨਵਰੀ ਤੋਂ ਜੂਨ ਤੱਕ 105364 ਨਕਲਾਂ ਦਿੱਤੀਆਂ ਗਈਆਂ ਜਿੰਨ੍ਹਾਂ ’ਚ ਸਭ ਤੋਂ ਵੱਧ ਕਾਪੀਆਂ ਨਥਾਣਾ 30663 ਜਾਰੀ ਕੀਤੀਆਂ। ਤਲਵੰਡੀ ਸਾਬੋ ’ਚ 15204 ਕਾਪੀਆਂ, ਬਠਿੰਡਾ ’ਚ 13984 ਕਾਪੀਆਂ ਅਤੇ ਰਾਮਪੁਰਾ ’ਚ 13692 ਕਾਪੀਆਂ ਜਾਰੀ ਕੀਤੀਆਂ ਗਈਆਂ। ਇਸੇ ਤਰ੍ਹਾ ਮੌੜ ਫਰਦ ਕੇਂਦਰ ਵਿਖੇ 7638 ਕਾਪੀਆਂ, ਗੋਨਿਆਣਾ ਵਿਖੇ 7362 ਕਾਪੀਆਂ, ਬਾਲਿਆਂਵਾਲੀ ਵਿਖੇ 6819 ਕਾਪੀਆਂ, ਭਗਤਾ ਵਿਖੇ 5204 ਕਾਪੀਆਂ ਅਤੇ ਸੰਗਤ ਵਿਖੇ 4798 ਕਾਪੀਆਂ ਜਾਰੀ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ ਕਿ ਫੀਸ ਦੇ ਰੂਪ ਵਿਚ ਕੁੱਲ 1.15 ਕਰੋੜ ਰੁਪਏ ਮਾਲੀਆ ਵੀ ਇਕੱਤਰ ਕੀਤਾ ਗਿਆ। ਸਭ ਤੋਂ ਵੱਧ ਮਾਲੀਆ ਤਲਵੰਡੀ ਸਾਬੋ ਦੇ ਫਰਦ ਕੇਂਦਰ ਤੋਂ 23 ਲੱਖ ਰੁਪਏ ਤੋਂ ਵੱਧ ਇਕੱਤਰ ਕੀਤਾ ਗਿਆ। ਇਸੇ ਤਰ੍ਹਾਂ ਬਠਿੰਡਾ ਫਰਦ ਕੇਂਦਰ ’ਤੇ 22 ਲੱਖ, ਰਾਮਪੁਰਾ ਵਿਖੇ 16 ਲੱਖ, ਨਥਾਣਾ ਵਿਖੇ 11 ਲੱਖ, ਮੌੜ ਅਤੇ ਗੋਨਿਆਣਾ ਵਿਖੇ 10-10 ਲੱਖ, ਬਾਲਿਆਂਵਾਲੀ ਵਿਖੇ 8 ਲੱਖ, ਸੰਗਤ ਵਿਖੇ 7 ਲੱਖ ਅਤੇ ਭਗਤਾ ਵਿਖੇ 4 ਲੱਖ ਤੋਂ ਵੱਧ ਮਾਲੀਆ ਫੀਸ ਦੇ ਰੂਪ ਵਿਚ ਇਕੱਤਰ ਕੀਤਾ ਗਿਆ।
ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਖੋਲ੍ਹੇ ਗਏ ਫਰਦ ਕੇਂਦਰ ਜਨਤਾ ਦੀ ਖੱਜਲ-ਖੁਆਰੀ ਘਟਾਉਣ ਵਿਚ ਕਾਮਯਾਬ ਹੋਏ ਹਨ। ਜਿਸ ਵਿਅਕਤੀ ਨੇ ਜ਼ਮੀਨ ਦੀ ਫਰਦ ਦੀ ਕਾਪੀ ਲੈਣੀ ਹੈ, ਉਹ ਅਰਜ਼ੀ ਦੇ ਕੇ ਮਿੰਟਾਂ ਵਿਚ ਹੀ ਤਸਦੀਕ ਕੀਤੀ ਕਾਪੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਂਦੇ, ਉਪਰੋਂ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਨਹੀਂ ਹੁੰਦੀ।
ਉਨ੍ਹਾਂ ਦੱਸਿਆ ਕਿ ਪੰਜਾਬ ਲੈਂਡ ਰੈਵਨਿਊ ਸੋਸਾਇਟੀ (ਪੀ.ਐਲ.ਆਰ.ਐਸ) ਬਠਿੰਡਾ ਫਰਦ ਕੇਂਦਰ ਨੂੰ ਚਲਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਮੀਨਾਂ ਦੀਆਂ ਸਾਰੀਆਂ ਫਰਦਾਂ ਵੈਬਸਾਈਟ ਾ.ਪਲਰਸ.ੋਰਗ.ਨਿ ’ਤੇ ਅਪਲੋਡ ਕੀਤੀਆਂ ਗਈਆਂ ਹਨ, ਜਿਸ ਕਿਸੇ ਵਿਅਕਤੀ ਨੇ ਜ਼ਮੀਨ ਦਾ ਰਿਕਾਰਡ ਚੈਕ ਕਰਨਾ ਹੈ ਤਾਂ ਉਹ ਇਸ ਵੈਬਸਾਈਟ ’ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰਕੇ ਸਾਰਾ ਰਿਕਾਰਡ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਮੁਲਕ ਤੋਂ ਬਾਹਰ ਬੈਠੇ ਪ੍ਰਵਾਸੀ ਭਾਰਤੀਆਂ ਲਈ ਕਾਫੀ ਲਾਹੇਵੰਦ ਹੈ, ਕਿਉਂਕਿ ਉਹ ਆਪਣੀ ਜ਼ਮੀਨ ਦੇ ਰਿਕਾਰਡ ’ਤੇ ਨਜ਼ਰ ਰੱਖ ਸਕਦੇ ਹਨ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਉਨ੍ਹਾਂ ਦੇ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ।।

WRITTEN BY