Skip to content
Independent perspectives. Global stories.
BREAKING

ਬਾਦਲ ਵੱਲੋਂ ਘੱਗਰ ਨਾਲ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਉਸਾਰੀ ਦਾ ਚੱਲ ਰਿਹਾ ਕੰਮ ਮੁਕੰਮਲ ਕਰਨ ਲਈ 43 ਕਰੋੜ ਰੁਪਏ ਪ੍ਰਵਾਨ

Share this story

ਜਲੰਧਰ/ਚੰਡੀਗੜ੍ਹ, 6 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਿੱਤ ਵਿਭਾਗ ਨੂੰ ਆਖਿਆ ਕਿ ਸੂਬੇ ਵਿਚ ਘੱਗਰ ਦਰਿਆ ਦੇ ਨਾਲ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਉਸਾਰੀ ਦਾ ਚਲ ਰਿਹਾ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਨੂੰ ਤੁਰੰਤ 43 ਕਰੋੜ ਰੁਪਏ ਜਾਰੀ ਕੀਤੇ ਜਾਣ। ਅੱਜ ਸਵੇਰੇ ਇਥੇ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਜਲ ਸਪਲਾਈ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਘੱਗਰ ਦਰਿਆ ਦੇ ਨਾਲ ਲਗਦੇ ਸ਼ਹਿਰਾਂ ਵਿਚ ਸਥਾਪਤ ਕੀਤੇ ਜਾ ਰਹੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਪ੍ਰਗਤੀ ਦਾ ਜਾਇਜਾ ਲੈਂਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਪਲਾਂਟਾਂ ਨੂੰ ਮੁਕੰਮਲ ਕਰਨ ਲਈ 43 ਕਰੋੜ ਰੁਪਏ ਦੇ ਫੰਡ ਪ੍ਰਵਾਨ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਛੇਤੀ ਤੋਂ ਛੇਤੀ

ਇਹ ਪਲਾਂਟ ਚਾਲੂ ਕਰਵਾਉਣ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਕੱਤਰ ਸ੍ਰੀ ਅਸ਼ੋਕ ਗੁਪਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਘੱਗਰ ਦਰਿਆ ਦੇ ਨਾਲ ਸਥਾਪਤ ਕੀਤੇ ਜਾਣ ਵਾਲੇ 21 ਸ਼ਹਿਰਾਂ ਵਿਚੋਂ ਸੱਤ ਸ਼ਹਿਰਾਂ ਜ਼ੀਰਕਪੁਰ, ਮੋਹਾਲੀ, ਬਨੂੜ, ਪਟਿਆਲਾ, ਸਮਾਣਾ, ਸਰਦੂਲਗੜ੍ਹ ਅਤੇ ਭੀਖੀ ਵਿਚ ਅੱਠ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਇਹ ਪਲਾਂਟ ਚਾਲੂ ਵੀ ਹੋ ਗਏ ਹਨ ਜਦਕਿ ਚਾਰ ਹੋਰ ਸ਼ਹਿਰਾਂ ਪਾਤੜਾਂ, ਮੰਡੀ ਗੋਬਿੰਦਗੜ੍ਹ, ਰਾਜਪੁਰਾ ਅਤੇ ਮੂਣਕ ਵਿਚ ਪੰਜ ਟਰੀਟਮੈਂਟ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ 31 ਦਸੰਬਰ, 2015 ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਪੰਜ ਹੋਰ ਸ਼ਹਿਰਾਂ ਸੁਨਾਮ, ਲੋਂਗੋਵਾਲਾ, ਖਨੌਰੀ, ਡੇਰਾਬੱਸੀ ਅਤੇ ਲਹਿਰਾਗਾਗਾ ਵਿਚ ਛੇ ਪਲਾਂਟ ਸਥਾਪਤ ਕਰਨ ਲਈ ਫੰਡਾਂ ਦਾ ਬੰਦੋਬਸਤ ਕਰ ਲਿਆ ਹੈ ਜਿਨ੍ਹਾਂ ਨੂੰ 31 ਮਾਰਚ, 2016 ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਗੁਪਤਾ ਨੇ ਇਹ ਵੀ ਦੱਸਿਆ ਕਿ ਪੰਜ ਸ਼ਹਿਰਾਂ ਸਰਹਿੰਦ, ਬੱਸੀ ਪਠਾਣਾ, ਸੰਗਰੂਰ, ਨਾਭਾ ਅਤੇ ਸਨੌਰ ਵਿੱਚ ਛੇ ਪਲਾਂਟ ਲਾਉਣ ਲਈ 170 ਕਰੋੜ ਰੁਪਏ ਦੇ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਨੇ ਸ. ਬਾਦਲ ਨੂੰ ਦੱਸਿਆ ਕਿ 4, 5 ਅਤੇ 2 ਐਮ.ਐਲ.ਡੀ ਦੀ ਸਮਰਥਾ ਵਾਲੇ ਤਿੰਨ ਐਸ.ਟੀ.ਪੀਜ਼ ਸਥਾਪਤ ਕਰਨ ਲਈ ਜ਼ਮੀਨ ਮੌਜੂਦ ਹੈ ਜਿਸ ਦਾ ਕੰਮ ਛੇਤੀ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਇੱਕ ਹਫਤੇ ਵਿਚ ਟੈਂਡਰ ਜਾਰੀ ਕੀਤੇ ਜਾਣਗੇ। ਗਮਾਡਾ ਵਲੋਂ ਡੇਰਾਬੱਸੀ ਵਿਖੇ ਦੋ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਥਾਪਨਾ ਬਾਰੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੇ ਦੱਸਿਆ ਕਿ ਇੱਕ ਟਰੀਟਮੈਂਟ ਪਲਾਂਟ ਉਸਾਰੀ ਅਧੀਨ ਹੈ ਜਦਕਿ ਦੂਜੇ ਲਈ ਜ਼ਮੀਨ ਦੀ ਡੀ-ਨੋਟੀਫਿਕੇਸ਼ਨ ਦੀ ਲੋੜ ਹੈ। ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ ਨੂੰ ਆਖਿਆ ਕਿ ਘੱਗਰ ਦਰਿਆ ਦੇ ਨਾਲ ਸੀਵਰੇਜ਼ ਟਰੀਟਮੈਂਟ ਪਲਾਂਟਾਂ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਤਾਂ ਕਿ ਸਬੰਧਤ ਏਜੰਸੀਆਂ ਨੂੰ ਤਕਨੀਕੀ ਅਤੇ ਵਿੱਤੀ ਪੱਖ ਤੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਸਾਰੀਆਂ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਕੰਮ ਦੇ ਮਿਆਰ ’ਤੇ ਸਖ਼ਤ ਚੌਕਸੀ ਵਰਤੀ ਜਾਵੇ ਅਤੇ ਇਹ ਕੰਮ ਬਿਨ੍ਹਾਂ ਕਿਸੇ ਪੱਖਪਾਤ ਤੋਂ ਮੈਰਿਟ ਦੇ ਅਧਾਰ ’ਤੇ ਨਾਮਵਰ ਕੰਪਨੀਆਂ ਨੂੰ ਅਲਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਆਰ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਨਾਲ ਕਿਸੇ ਵੀ ਸੂਰਤ ਵਿਚ ਸਮਝੌਤਾ ਨਾ ਕੀਤਾ ਜਾਵੇ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਸਕੱਤਰ ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ ਸ੍ਰੀ ਕੇ.ਏ.ਪੀ. ਸਿਨਹਾ, ਸਕੱਤਰ ਸਥਾਨਕ ਸਰਕਾਰ ਸ੍ਰੀ ਅਸ਼ੋਕ ਗੁਪਤਾ, ਜਲ ਸਪਲਾਈ ਬੋਰਡ ਦੇ ਸੀ.ਈ.ਓ ਸ੍ਰੀ ਡੀ.ਕੇ. ਤਿਵਾੜੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਸ਼ਰਮਾ, ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਸ੍ਰੀ ਏ.ਕੇ. ਸਿਨਹਾ, ਪੀ.ਐਸ.ਆਈ.ਈ.ਸੀ ਦੇ ਐਮ.ਡੀ ਸ੍ਰੀ ਅਮਿਤ ਢਾਕਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਮਨਜੀਤ ਸਿੰਘ ਤੇ ਮੈਂਬਰ ਸਕੱਤਰ ਡਾ. ਬਾਬੂ ਰਾਮ, ਮੁੱਖ ਇੰਜੀਨੀਅਰ ਡਰੇਨੇਜ਼ ਸ੍ਰੀ ਅਨਿਲ ਸੂਦ, ਮੁੱਖ ਇੰਜੀਨੀਅਰ ਨਹਿਰਾਂ ਸ੍ਰੀ ਸੋਹਨ ਸਿੰਘ ਗਰੇਵਾਲ ਅਤੇ ਜਲ ਸਪਲਾਈ ਬੋਰਡ ਦੇ ਇੰਜੀਨੀਅਰ-ਇਨ-ਚੀਫ ਸ੍ਰੀ ਬੀ.ਕੇ. ਗਰਗ ਹਾਜਰ ਸਨ।

WRITTEN BY