ਤਲਵੰਡੀ ਸਾਬੋ, 25 ਜੂਨ (ਜਗਦੀਪ ਕੋਮਲ)- ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨਾਂ ਦੇ ਖੇਤਾਂ ਨੂੰ ਸੀਂਗੋ ਰਜਵਾਹੇ ‘ਚੋਂ ਪਾਣੀ ਨਾ ਮਿਲਣ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਵੇਰੇ ਤਲਵੰਡੀ ਸਾਬੋ ਸਰਦੂਲਗੜ੍ਹ- ਮਾਨਸਾ ਰੋਡ ਜਾਮ ਕਰਕੇ ਕਿਸਾਨਾਂ ਨੂੰ ਆਪਣੇ ਹੱਕ ਦਾ ਪਾਣੀ ਦੇਣ ਦੀ ਮੰਗ ਕੀਤੀ ਤੇ ਮੰਗ ਪੁਰੀ ਨਾ ਹੋਣ ’ਤੇ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਜਿਸ ’ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੇ ਟਰੈਫਿਕ ਲਈ ਬਦਲਵੇਂ ਪ੍ਰਬੰਧ ਕੀਤੇ। ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਬੁਲਾਰਿਆਂ ਨਛੱਤਰ ਸਿੰਘ, ਹਾਕਮ ਸਿੰਘ, ਜਸਪਾਲ ਸਿੰਘ, ਲਾਭ ਸਿੰਘ ਅਤੇ ਬਲਕਰਨ
ਬਹਿਮਣ ਨੇ ਬੋਲਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਪੇਰੋਂ, ਚੈਹਿਲਾਂਵਾਲੀ ਤੇ ਹੋਰ ਪਿੰਡਾਂ ਦੇ ਕਿਸਾਨਾਂ ਨੇ ਸੀਂਗੋ ਰਜਵਾਹੇ ਵਿੱਚੋਂ ਵਿਭਾਗ ਦੇ ਅਧਿਕਾਰੀਆਂ ਦੀ ਨਜਰਸਾਨੀ ਹੇਠ ਖੇਤਾਂ ਨੂੰ ਪਾਣੀ ਦੇਣ ਲਈ ਵਿਭਾਗ ਦੇ ਹੁਕਮਾਂ ਤੋਂ ਮੋਘੇ ਵੱਡੇ ਕਰਕੇ ਆਪਣੇ ਖੇਤਾਂ ਨੂੰ ਸਿੰਚਾਈ ਲਈ ਜਿਆਦਾ ਪਾਣੀ ਲਗਾ ਰਹੇ ਹਨ ਜਦੋਂ ਕਿ ਬਹਿਮਣ ਕੌਰ ਸਿੰਘ ਦੇ ਕਿਸਾਨਾਂ ਨੂੰ ਨਾ ਮਾਤਰ ਪਾਣੀ ਹੀ ਮਿਲ ਰਿਹਾ ਹੈ ਜਿਸ ‘ਤੇ ਉਹ ਵਿਭਾਗ ਦੇ ਐਕਸੀਅਨ ਦੇ ਦਫਤਰ ਦਾ ਵਾਰ-ਵਾਰ ਘਿਰਾਓ ਕਰ ਚੁੱਕੇ ਹਨ ਜਿਸ ਦੇ ਚਲਦਿਆਂ ਕੋਈ ਵੀ ਅਧਿਕਾਰੀ ਦੋਸ਼ੀ ਕਿਸਾਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।ਪੰਜਾਬ ਸਰਕਾਰ ਨੂੰ ਪਾਣੀ ਪੀ ਪੀ ਕੋਸਦਿਆਂ ਉਗਰਾਹਾਂ ਗਰੁੱਪ ਦੇ ਕਿਸਾਨ ਆਗੂ ਬਹੱਤਰ ਸਿੰਘ ਨੰਗਲਾ, ਜੱਗਾ ਸਿੰਘ ਜੋਗੇਵਾਲਾ ਨੇ ਕਿਹਾ ਕਿ ਉਕਤ ਪਿੰਡਾਂ ਦੇ ਕਿਸਾਨ ਸਿਆਸੀ ਸ਼ਹਿ ‘ਤੇ ਪਾਣੀ ਚੋਰੀ ਕਰਕੇ ਝੋਨਾ ਲਗਾ ਰਹੇ ਹਨ ਪਰ ਦੂਜੇ ਪਾਸੇ ਬਹਿਮਣ ਦੇ ਖੇਤਾਂ ਵਿੱਚ ਗੁਆਰੇ ਦੀ ਫਸਲ ਬੀਜ਼ਣ ਲਈ ਪਾਣੀ ਦੀ ਬੂੰਦ ਨਹੀਂ ਪਹੁੰਚ ਰਹੀ। ਇਸ ਸਭ ਨੂੰ ਦੇਖਣ ਦੇ ਬਾਵਜ਼ੂਦ ਪ੍ਰਸ਼ਾਸ਼ਨ ਕੁੰਭਕਰਨੀ ਨੀਂਦੇ ਸੁੱਤਾ ਪਿਆ ਹੈ। ਉਹਨਾਂ ਵਿਭਾਗ ਦੇ ਅਧਿਕਾਰੀਆਂ ਤੋਂ ਮੋਘੇ ਠੀਕ ਕਰਕੇ ਪੀੜਿਤ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਤੱਕ ਹੱਲ ਨਾ ਹੋਇਆ ਤਾਂ ਸਘੰਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਵਿਭਾਗ ਦੇ ਐਸ.ਡੀ.ਓ ਗੁਰਸਾਗਰ ਸਿੰਘ ਨੇ ਕਿਸਾਨਾਂ ਨੂੰ ਆਉਂਦੇ ਦੋ ਦਿਨਾਂ ਤੱਕ ਮਾਮਲੇ ਦਾ ਹੱਲ ਕਰਨ ਦੀ ਗੱਲ ਆਖੀ ਹੈ।ਓਧਰ ਦੇਰੀ ਨਾਲ ਪਹੁੰਚੇ ਨਹਿਰੀ ਵਿਭਾਗ ਦੇ ਐਕਸੀਅਨ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦੁਆਇਆ ਕਿ ਸੋਮਵਾਰ ਤੱਕ ਪੁਲਿਸ ਪ੍ਰਸ਼ਾਸ਼ਨ ਦੀ ਮੱਦਦ ਨਾਲ ਕਥਿਤ ਮੋਘੇ ਚੈੱਕ ਕਰਵਾਏ ਜਾਣਗੇ ਜਿਹੜੇ ਮੋਘੇ ਗੈਰਕਾਨੂੰਨੀ ਪਾਏ ਗਏ ਉਹਨਾਂ ਨੂੰ ਬੰਦ ਕਰਵਾਕੇ ਉਕਤ ਕਿਸਾਨਾਂ ‘ਤੇ ਕਾਰਵਾਈ ਕੀਤੀ ਜਾਵੇਗੀ। ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ਵਾਸ਼ ਦੁਆਉਣ ‘ਤੇ ਸੋਮਵਾਰ ਤੱਕ ਕਿਸਾਨਾਂ ਵੱਲੋਂ ਧਰਨਾ ਚੁੱਕੇ ਜਾਣ ‘ਤੇ ਪ੍ਰਸ਼ਾਸ਼ਨ ਨੂੰ ਸੁਖ ਦਾ ਸਾਹ ਆਇਆ।



