April 30, 2026 3:14 pm

ਸਰਕਾਰ ਨੇ ਇੱਕ ਸਾਲ ਵਿਚ ਹੀ ਦੇਸ਼ ਨੂੰ ਭ੍ਰਿਸ਼ਟਾਚਾਰ ਦੇ ਜਲਜਲੇ ’ਚੋਂ ਬਾਹਰ ਕੱਢਿਆ : ਬੀਬੀ ਬਾਦਲ

ਬਠਿੰਡਾ, 22 ਮਈ (ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)-  ਕੇਂਦਰੀ ਫੂਡ         ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਐਨ.ਡੀ.ਏ. ਸਰਕਾਰ ਦਾ ਇਕ ਸਾਲ ਪੂਰਾ ਹੋਣ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਇਕ ਸਾਲ ਵਿਚ ਹੀ ਦੇਸ਼ ਨੂੰ ਭ੍ਰਿਸ਼ਟਾਚਾਰ ਦੇ ਜਲਜਲੇ ਵਿਚੋਂ ਬਾਹਰ ਕੱਢ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਭ੍ਰਿਸ਼ਟਾਚਾਰ ਅਤੇ ਘਪਲਿਆਂ ਦਾ ਜਲਜਲਾ ਆ ਗਿਆ ਸੀ ਅਤੇ ਨਿੱਤ ਦਿਨ ਕਿਸੇ ਨਾ ਕਿਸੇ ਘਪਲੇ ਵਿਚ ਕਾਂਗਰਸੀ ਮੰਤਰੀਆਂ ਦਾ ਨਾਂਅ ਆ ਰਿਹਾ ਸੀ, ਪਰ ਜਦੋਂ ਤੋਂ ਸ਼੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿਚ ਆਈ ਹੈ, ਭ੍ਰਿਸ਼ਟਾਚਾਰ ਦੇ ਇਸ ਜਲਜਲੇ ਨੂੰ ਠੱਲ੍ਹ ਪੈ ਗਈ ਹੈ। ਉਹ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗਰੀਬਾਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਦੇਣ ਦਾ ਬੀੜਾ

ਚੁੱਕਿਆ ਹੋਇਆ ਹੈ, ਤਾਂ ਜੋ ਇਨ੍ਹਾਂ ਦਾ ਜੀਵਨ ਪੱਧਰ ਉਚਾ ਚੁੱਕਿਆ ਜਾ ਸਕੇ।
ਕੇਂਦਰੀ ਮੰਤਰੀ ਨੇ ਅੱਜ ਪਿੰਡਾਂ ਦੇ ਕੀਤੇ ਸੰਗਤ ਦਰਸ਼ਨ ਦੌਰਾਨ ਪਿੰਡ ਹਰਰਾਏਪੁਰ ਵਿਖੇ ਅੰਮ੍ਰਿਤਸਰ-ਬਠਿੰਡਾ ਚਹੁੰਮਾਰਗੀ ਸੜਕ ਲਈ ਐਕੁਆਇਰ ਕੀਤੀ ਜ਼ਮੀਨ ਲਈ ਪੰਚਾਇਤਾਂ ਨੂੰ ਕਰੀਬ 20 ਕਰੋੜ ਰੁਪਏ ਦੇ ਚੈਕ ਵੀ ਵੰਡੇ। ਜ਼ਿਕਰਯੋਗ ਹੈ ਕਿ ਇਸ ਵੱਡੇ ਪ੍ਰੋਜੈਕਟ ਦੇ ਕੌਮੀ ਮਾਰਗ-15 ਲਈ ਐਕੁਆਇਰ ਕੀਤੀ ਜ਼ਮੀਨ ਲਈ 364 ਕਰੋੜ ਰੁਪਏ ਦੇ ਚੈਕ ਵੰਡੇ ਜਾ ਰਹੇ ਹਨ ਅਤੇ ਹੁਣ ਤੱਕ 197.3 ਕਰੋੜ ਰੁਪਏ ਮੁਆਵਜ਼ੇ ਦੇ ਚੈਕ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਅਗਵਾਈ ਵਿਚ ਐਸ.ਡੀ.ਐਮ-ਕਮ-ਲੈਂਡ ਐਕੂਜ਼ੇਸ਼ਨ ਕੂਲੈਕਟਰ ਸ਼੍ਰੀ ਦਮਨਜੀਤ ਸਿੰਘ ਮਾਨ ਵਲੋਂ ਵਿਅਕਤੀਗਤ ਤੌਰ ’ਤੇ ਪਹਿਲਾਂ ਹੀ ਸਬੰਧਿਤ ਵਿਅਕਤੀਆਂ ਨੂੰ ਵੰਡੇ ਜਾ ਚੁੱਕੇ ਹਨ।
          ਬੀਬੀ ਬਾਦਲ ਨੇ ਅੱਜ ਪਿੰਡ ਭੋਖੜਾ ਦੀ ਪੰਚਾਇਤ ਨੂੰ 4.13 ਕਰੋੜ ਰੁਪਏ, ਹਰਰਾਏਪੁਰ ਦੀ ਪੰਚਾਇਤ ਨੂੰ 57.06 ਲੱਖ, ਗੋਨਿਆਨਾ ਕਲਾਂ ਦੀ ਪੰਚਾਇਤ ਨੂੰ 43.41 ਲੱਖ, ਗੋਨਿਆਣਾ ਖੁਰਦ ਦੀ ਪੰਚਾਇਤ ਨੂੰ 3.50 ਲੱਖ, ਗਿੱਲ ਪੱਤੀ ਦੀ ਪੰਚਾਇਤ ਨੂੰ 12.55 ਕਰੋੜ ਅਤੇ ਬਲਾਹੜ ਵਿੰਝੂ ਦੀ ਪੰਚਾਇਤ ਨੂੰ 79.85 ਲੱਖ ਰੁਪਏ ਦੇ ਚੈਕ ਸੌਂਪੇ। ਇਹ ਵੀ ਕਾਬਿਲੇਗੌਰ ਹੈ ਕਿ ਵੱਡੇ ਸੜਕੀ ਪ੍ਰੋਜੈਕਟ ਲਈ ਅਜਿਹੀ ਮੁਆਵਜ਼ਾ ਰਾਸ਼ੀ ਸਬੰਧਿਤ ਵਿਅਕਤੀਆਂ ਨੂੰ ਪ੍ਰਦਾਨ ਕਰਨ ਵਾਲਾ ਬਠਿੰਡਾ ਜ਼ਿਲ੍ਹਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
         ਕੇਂਦਰੀ ਮੰਤਰੀ ਨੇ ਸੰਗਤ ਦਰਸ਼ਨ ਦੌਰਾਨ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਡੀ.ਏ. ਸਰਕਾਰ ਵਲੋਂ ਕਈ ਯੋਜਨਾਵਾਂ ਜਿੱਥੇ ਗਰੀਬ ਵਰਗ ਲਈ ਸ਼ੁਰੂ ਕੀਤੀਆਂ ਗਈਆਂ ਹਨ, ਉਥੇ ਪੰਜਾਬ ਸਰਕਾਰ ਵਲੋਂ ਵੀ ਸੂਬਾ ਵਾਸੀਆਂ ਲਈ ਲਗਾਤਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਦੀ ਕਮੇਟੀ ਪਿੰਡਾਂ ਵਿਚ ਜਾ ਕੇ ਪੈਨਸ਼ਨਾਂ ਦਾ ਜਾਇਜ਼ਾ ਲਵੇਗੀ ਅਤੇ ਕੋਈ ਵੀ ਲੋੜਵੰਦ ਪੈਨਸ਼ਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 1 ਜੂਨ ਤੋਂ ਲੋੜਵੰਦਾਂ ਨੂੰ ਹੁਣ 6 ਮਹੀਨੇ ਦਾ ਇਕੱਠਾ ਰਾਸ਼ਣ ਮਿਲਣਾ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਦੇ ਰਾਹੁਲ ਗਾਂਧੀ ਵਲੋਂ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਕੇ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਇਸ ਨੇ ਆਪਣੀ ਸਰਕਾਰ ਵੇਲੇ 10 ਸਾਲਾਂ ਵਿਚ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਅਜਿਹੇ ਹਵਾਈ ਲੀਡਰਾਂ ਤੋਂ ਇਲਾਵਾ ਪੰਜਾਬ ਦੇ 7 ਕਾਂਗਰਸੀ ਮੰਤਰੀ ਵੀ ਪੰਜਾਬ ਦੇ ਵਿਕਾਸ ਵਿਚ ਕੋਈ ਯੋਗਦਾਨ ਨਹੀਂ ਪਾ ਸਕੇ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਾਂਗਰਸ ਵੇਲੇ ਪੰਜਾਬ ਆਪਣੇ ਬਣਦੇ ਹੱਕ ਤੋਂ ਵਾਂਝਾ ਰਿਹਾ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਸੁਨੇਹਾ ਵੀ ਦਿੱਤਾ।
     ਬੀਬੀ ਬਾਦਲ ਨੇ ਕਿਹਾ ਕਿ ਜਲਦੀ ਹੀ ਮਗਨਰੇਗਾ ਦੇ ਕੰਮ ਸ਼ੁਰੂ ਹੋ ਜਾਣਗੇ ਅਤੇ ਜਨਤਾ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਹੀ ਆਪਣਾ ਗਰੀਬ ਵਿਰੋਧੀ ਚਿਹਰਾ ਦਿਖਾਉਂਦਿਆਂ ਪੈਸੇ ਭੇਜਣੇ ਬੰਦ ਕਰ ਦਿੱਤੇ ਸਨ, ਜਿਸ ਕਰਕੇ ਨਵੀਂ ਸਰਕਾਰ ਲਈ ਇਹ ਚੁਣੌਤੀ ਖੜ੍ਹੀ ਹੋ ਗਈ ਸੀ, ਪਰ ਹੁਣ ਜਲਦੀ ਇਸ ਸੰਕਟ ਦੀ ਭਰਪਾਈ ਕਰਕੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੀਬੀ ਬਾਦਲ ਨੇ ਪਿੰਡ ਗਿੱਲ ਪੱਤੀ, ਗੋਨਿਆਣਾ ਖੁਰਦ, ਹਰਰਾਏਪੁਰ, ਮਹਿਮਾ ਸਰਕਾਰੀ, ਕੋਠੇ ਲੱਖੀ ਜੰਗਲ, ਬਲਾਹੜ ਮਹਿਮਾ, ਕੋਠੇ ਸੰਧਵਾਂ ਅਤੇ ਕੋਠੇ ਲਾਲ ਸਿੰਘ ਪਿੰਡਾਂ ਦੇ ਸੰਗਤ ਦਰਸ਼ਨ ਦੌਰਾਨ ਜਿੱਥੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਵੱਖ-ਵੱਖ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ। ਉਨ੍ਹਾਂ ਪਿੰਡ ਗਿੱਲ ਪੱਤੀ ਵਿਖੇ 19.10 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਾਈ ਸਕੂਲ ਦੇ ਬਲਾਕ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ ਸ਼੍ਰੀ ਕੁਲਦੀਪ ਚਹਿਲ, ਉਪ ਮੁੱਖ ਮੰਤਰੀ, ਪੰਜਾਬ ਦੇ ਓ.ਐਸ.ਡੀ ਸ਼੍ਰੀ ਮਨੀਸ਼ ਕੁਮਾਰ ਅਤੇ ਹਰਿੰਦਰ ਸਿੰਘ ਸਰਾਂ, ਸਹਾਇਕ ਮੀਡੀਆ ਸਲਾਹਕਾਰ ਸ਼੍ਰੀ ਹਰਜਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ ਡਾ. ਓਮ ਪ੍ਰਕਾਸ਼ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।  

Send this to a friend