ਸਿਓਲ- ਚੀਨ ਅਤੇ ਮੰਗੋਲੀਆ ਦੇ ਦੌਰੇ ਤੋਂ ਬਾਅਦ ਦੱਖਣ ਕੋਰੀਆ ਦੇ ਦੋ ਦਿਨਾ ਦੌਰੇ ’ਤੇ ਅੱਜ ਇੱਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੋਂ ਦੇ ਰਾਸ਼ਟਰਪਤੀ ਪਾਰਕ ਦੇ ਨਾਲ ਸਾਂਝਾ ਬਿਆਨ ਦਿੰਦੇ ਹੋਏ ਕਿਹਾ ‘ਮੈਂ ਦੱਖਣ ਕੋਰੀਆ ਤੋਂ ਪ੍ਰਭਾਵਿਤ ਰਿਹਾ ਹਾਂ। ਭਾਰਤ ਦੇ ਆਧੁਨਿਕੀਕਰਨ ਵਿੱਚ ਕੋਰੀਆ ਦੀ ਅਹਿਮ ਭੂਮਿਕਾ ਹੈ। ਏਸ਼ੀਆ ਦੇ ਵਿਕਾਸ ਦੇ ਲਈ ਕੋਰੀਆ ਦਾ ਵਿਕਾਸ ਜ਼ਰੂਰੀ ਹੈ। ਭਾਰਤ ਅਤੇ ਦੱਖਣ ਕੋਰੀਆ ਦੇ ਵਿਚਾਲੇ ਰਿਸ਼ਤੇ ਮਜ਼ਬੂਤ ਹੋਏ ਹਨ। ਡਿਫੈਂਸ ਸੈਕਟਰ ਵਿੱਚ ਦੱਖਣ ਕੋਰੀਆ ਨਿਵੇਸ਼ ਕਰੇ। ਅੱਤਵਾਦ ਦਾ ਮੁਕਾਬਲਾ ਕਰਨ ਵਿੱਚ ਵੀ ਦੱਖਣ ਕੋਰੀਆ ਦਾ ਸਹਿਯੋਗ ਅਹਿਮ ਹੈ। ਦੱਖਣ ਕੋਰੀਆ ਮੇਕ ਇਨ ਇੰਡੀਆ ਕੈਂਪੇਨ ਵਿੱਚ ਭਾਈਵਾਲ ਬਣੇ।’ ਇਸ ਤੋਂ ਪਹਿਲਾਂ ਸੋਮਵਾਰ ਨੂੰ ਸ੍ਰੀ ਮੋਦੀ ਦੱਖਣ ਕੋਰੀਆ ਦੀ ਕਿਊਂਗ ਹੀ ਯੂਨੀਵਰਸਿਟੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ।